ਤਾਜਾ ਖਬਰਾਂ
ਚੰਡੀਗੜ੍ਹ, 11 ਜਨਵਰੀ 2026-
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਟੂਰਿਜ਼ਮ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ 'ਆਪ' ਦੇ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਲਈ 'ਸਾਲੇ' ਸ਼ਬਦ ਦੀ ਵਰਤੋਂ ਕਰਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਨਾਲ ਹੀ ਉਨ੍ਹਾਂ ਨੇ ਪਰਗਟ ਸਿੰਘ ਦਾ ਡਿਬੇਟ ਚੈਲੰਜ ਸਵੀਕਾਰ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਮੁੱਦੇ 'ਤੇ ਬਹਿਸ ਲਈ ਤਿਆਰ ਹਨ।
ਦੀਪਕ ਬਾਲੀ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੇ ਦੋ-ਤਿੰਨ ਵਾਰ ਇੱਕ ਵੀਡੀਓ ਦੇਖੀ ਜਿਸ ਵਿੱਚ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ, 'ਆਪ' ਪਾਰਟੀ ਦੇ ਕੈਬਨਿਟ ਮੰਤਰੀਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ 'ਸਾਲੇ' ਸ਼ਬਦ ਕਹਿ ਕੇ ਸੰਬੋਧਨ ਕਰ ਰਹੇ ਸਨ ਜੋ ਪ੍ਰਦਰਸ਼ਨ ਕਰਨ ਆਏ ਸਨ।
ਦੀਪਕ ਬਾਲੀ ਨੇ ਕਿਹਾ ਕਿ ਲੱਖ ਦੀ ਲਾਹਨਤ ਹੈ ਅਜਿਹੇ ਵਿਅਕਤੀ 'ਤੇ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪਰਗਟ ਸਿੰਘ ਦੀ ਸਾਰੀ ਭਾਸ਼ਾ ਬਣਾਵਟੀ ਹੁੰਦੀ ਹੈ। ਜਦੋਂ ਉਨ੍ਹਾਂ ਨੇ ਅਸਲੀਅਤ ਵਿੱਚ 'ਸਾਲੇ' ਸ਼ਬਦ ਦਾ ਪ੍ਰਯੋਗ ਕੀਤਾ ਤਾਂ ਮੇਰਾ ਯਕੀਨ ਹੋਰ ਪੱਕਾ ਹੋ ਗਿਆ ਕਿ ਇਨ੍ਹਾਂ ਦੀ ਸਾਰੀ ਗੱਲਬਾਤ ਡਰਾਮੇਬਾਜ਼ੀ ਵਾਲੀ ਹੁੰਦੀ ਹੈ।
ਦੀਪਕ ਬਾਲੀ ਨੇ ਕਿਹਾ ਕਿ ਪਰਗਟ ਸਿੰਘ ਨੇ ਡਿਬੇਟ ਦਾ ਚੈਲੰਜ ਦਿੱਤਾ ਹੈ ਅਤੇ ਮੈਂ ਇਹ ਚੈਲੰਜ ਸਵੀਕਾਰ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਪੰਜਾਬ ਦੇ ਆਰਥਿਕ, ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਕਿਸੇ ਵੀ ਮੁੱਦੇ 'ਤੇ ਡਿਬੇਟ ਕਰ ਲਓ। ਜਦੋਂ ਮਰਜ਼ੀ ਕਰ ਲਓ ਅਤੇ ਜਿਸ ਮਰਜ਼ੀ ਚੈਨਲ 'ਤੇ ਕਰ ਲਓ।
ਦੀਪਕ ਬਾਲੀ ਨੇ ਕਿਹਾ ਕਿ 72 ਘੰਟੇ ਦਾ ਸਮਾਂ ਦੇ ਦਿਓ, ਨਹੀਂ ਤਾਂ 24 ਘੰਟੇ ਦਾ ਦੇ ਦਿਓ, ਜਾਂ ਫਿਰ ਤੁਰੰਤ ਚੈਨਲ ਵਾਲੇ ਆਯੋਜਨ ਕਰਨ ਅਤੇ ਉੱਥੇ ਪਰਚੀ ਕੱਢਣ ਕਿ ਕਿਸ ਵਿਸ਼ੇ 'ਤੇ ਡਿਬੇਟ ਕਰਨੀ ਹੈ। ਮੈਂ ਤਿਆਰ ਹਾਂ।
ਦੀਪਕ ਬਾਲੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਜੀਅ ਰਹੇ ਹਾਂ ਅਤੇ ਪੰਜਾਬ ਦੇ ਸਰੋਕਾਰਾਂ ਨਾਲ ਸਬੰਧ ਰੱਖਦੇ ਹਾਂ। ਪੰਜਾਬ ਸਾਡੇ ਹਿਰਦਿਆਂ ਵਿੱਚ ਵੱਸਦਾ ਹੈ ਅਤੇ ਸਾਡੇ ਸੁਭਾਅ ਵਿੱਚ ਵੱਸਦਾ ਹੈ। ਪੰਜਾਬੀ ਜਨ-ਜੀਵਨ ਅਸੀਂ ਜੀਵਿਆ ਹੈ ਅਤੇ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਹਾਂ। ਤੁਹਾਡੇ ਵਾਂਗ ਅਸੀਂ ਬਣਾਵਟੀ ਭਾਸ਼ਾ ਅਤੇ ਬਣਾਵਟੀ ਡਰਾਮੇਬਾਜ਼ੀ ਵਾਲੇ ਸ਼ਬਦਾਂ ਨਾਲ ਨਹੀਂ ਬੋਲਦੇ।
ਦੀਪਕ ਬਾਲੀ ਨੇ ਕਿਹਾ ਕਿ ਮੈਂ ਤੁਹਾਡਾ ਚੈਲੰਜ ਸਵੀਕਾਰ ਕਰਦਾ ਹਾਂ ਪਰ ਮੇਰੀ ਇੱਕੋ ਸ਼ਰਤ ਹੈ ਕਿ ਚੈਨਲ ਦੀ ਡਿਬੇਟ ਵਿੱਚ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ। ਅਸੱਭਿਅਕ ਭਾਸ਼ਾ ਮੈਂ ਬਰਦਾਸ਼ਤ ਨਹੀਂ ਕਰਾਂਗਾ।
Get all latest content delivered to your email a few times a month.