ਤਾਜਾ ਖਬਰਾਂ
ਮਨੋਰੰਜਨ ਜਗਤ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ਇੰਡੀਅਨ ਆਈਡਲ-3 ਦੇ ਜੇਤੂ ਅਤੇ ਪ੍ਰਸਿੱਧ ਗਾਇਕ-ਅਦਾਕਾਰ ਪ੍ਰਸ਼ਾਂਤ ਤਮਾਂਗ ਦਾ 43 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਇਹ ਘਟਨਾ ਦਿੱਲੀ ਦੇ ਜਨਕਪੁਰੀ ਸਥਿਤ ਉਸਦੇ ਘਰ ’ਤੇ ਵਾਪਰੀ, ਜਿੱਥੇ ਉਸਦੀ ਤਬੀਅਤ ਅਚਾਨਕ ਵਿਗੜ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹਸਪਤਾਲ ਲਿਜਾਣ ਦੇ ਬਾਵਜੂਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਸ਼ਾਂਤ ਤਮਾਂਗ ਦੇ ਕਰੀਬੀ ਦੋਸਤ ਅਤੇ ਸੰਗੀਤ ਸਾਥੀ ਭਾਵੇਨ ਧਨਕ ਨੇ ਇੰਸਟਾਗ੍ਰਾਮ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਉਸਨੇ ਲਿਖਿਆ ਕਿ ਉਸਨੂੰ ਅਜੇ ਵੀ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਪ੍ਰਸ਼ਾਂਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਸੰਗੀਤ ਉਦਯੋਗ, ਦੋਸਤਾਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਕੋਈ ਇਸ ਅਕਾਲੀ ਵਿਛੋੜੇ ’ਤੇ ਗਹਿਰਾ ਦੁੱਖ ਪ੍ਰਗਟ ਕਰ ਰਿਹਾ ਹੈ।
ਪ੍ਰਸ਼ਾਂਤ ਤਮਾਂਗ ਨੇ 2007 ਵਿੱਚ ਇੰਡੀਅਨ ਆਈਡਲ-3 ਵਿੱਚ ਹਿੱਸਾ ਲੈ ਕੇ ਆਪਣੀ ਮਿੱਠੀ ਆਵਾਜ਼ ਅਤੇ ਸਾਦਗੀ ਨਾਲ ਦੇਸ਼ ਭਰ ਦੇ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ। ਉਸਦੀ ਗਾਇਕੀ ਨੇ ਉਸਨੂੰ ਘਰ-ਘਰ ਵਿੱਚ ਪਛਾਣ ਦਿਵਾਈ ਅਤੇ ਉਹ ਸ਼ੋਅ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਿਹਾ। ਉਸਦੀ ਅਚਾਨਕ ਮੌਤ ਨਾਲ ਨਾ ਸਿਰਫ ਉਸਦਾ ਪਰਿਵਾਰ, ਸਗੋਂ ਉਸਦੇ ਲੱਖਾਂ ਪ੍ਰਸ਼ੰਸਕ ਵੀ ਗਹਿਰੇ ਸਦਮੇ ਵਿੱਚ ਹਨ ਅਤੇ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਅਲਵਿਦਾ ਕਹਿ ਰਹੇ ਹਨ।
Get all latest content delivered to your email a few times a month.