ਤਾਜਾ ਖਬਰਾਂ
ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ IPS ਅਤੇ ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ IPS ਦੀਆਂ ਸਪੱਸ਼ਟ ਹਦਾਇਤਾਂ ਦੇ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਕੰਵਲਪ੍ਰੀਤ ਸਿੰਘ ਚਾਹਲ PPS ਅਤੇ ਸਹਾਇਕ ਪੁਲਿਸ ਕਮਿਸ਼ਨਰ ਸਿਵਲ ਲਾਇਨ ਗੁਰਇਕਬਾਲ ਸਿੰਘ PPS ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ-5 ਲੁਧਿਆਣਾ ਦੀ ਪੁਲਿਸ ਟੀਮ ਨੇ ਇੰਸਪੈਕਟਰ ਮਧੂ ਬਾਲਾ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੂੰ ਮੁਖ਼ਬਰ ਖ਼ਾਸ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਨੇੜੇ ਮਿੱਢਾ ਚੌਂਕ, ਜਵਾਹਰ ਨਗਰ ਕੈਂਪ ਲੁਧਿਆਣਾ ਵਿਖੇ ਛਾਪੇਮਾਰੀ ਕੀਤੀ ਗਈ। ਛਾਪੇ ਦੌਰਾਨ ਪੁਲਿਸ ਨੇ ਦੋਸ਼ੀ ਸੁਸ਼ੀਲ ਕੁਮਾਰ ਪੁੱਤਰ ਸੋਮਨਾਥ, ਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 80 ਗੱਟੂ ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਬਰਾਮਦ ਹੋਈ।
ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-5 ਲੁਧਿਆਣਾ ਵਿਖੇ ਮੁਕੱਦਮਾ ਨੰਬਰ 09 ਮਿਤੀ 10 ਜਨਵਰੀ 2026 ਅਧੀਨ ਧਾਰਾ 223 ਅਤੇ 125 BNS ਤਹਿਤ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨਾਲ ਜੁੜੇ ਹੋਰ ਸੰਭਾਵਿਤ ਨੈੱਟਵਰਕਾਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਸਟਿਕ ਚਾਈਨਾ ਡੋਰ ਦੀ ਵਰਤੋਂ ਤੋਂ ਦੂਰ ਰਹਿਣ ਅਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Get all latest content delivered to your email a few times a month.