ਤਾਜਾ ਖਬਰਾਂ
ਗਣਤੰਤਰ ਦਿਵਸ 26 ਜਨਵਰੀ 2026 ਮੌਕੇ ਭਾਰਤ ਸਰਕਾਰ ਵੱਲੋਂ ਐਲਾਨੇ ਗਏ ਪਦਮ ਪੁਰਸਕਾਰਾਂ ਵਿੱਚ ਚੰਡੀਗੜ੍ਹ ਤੋਂ ਇੱਕ ਅਨੋਖੀ ਅਤੇ ਪ੍ਰੇਰਕ ਸ਼ਖਸੀਅਤ ਦਾ ਨਾਮ ਵੀ ਸ਼ਾਮਲ ਹੈ। ਪੰਜਾਬ ਪੁਲਿਸ ਦੇ ਸੇਵਾਮੁਕਤ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
87 ਸਾਲਾ ਇੰਦਰਜੀਤ ਸਿੰਘ ਸਿੱਧੂ ਅੱਜਕੱਲ੍ਹ ਚੰਡੀਗੜ੍ਹ ਦੇ ਸੈਕਟਰ-49 ਵਿੱਚ ਰਹਿੰਦੇ ਹਨ ਅਤੇ ਪਿਛਲੇ ਤਿੰਨ ਤੋਂ ਚਾਰ ਸਾਲਾਂ ਤੋਂ ਉਹ ਖੁਦ ਸਵੇਰੇ ਉੱਠ ਕੇ ਗਲੀਆਂ, ਸੜਕਾਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਪਿਆ ਕੂੜਾ ਇਕੱਠਾ ਕਰਦੇ ਆ ਰਹੇ ਹਨ। ਬਿਨਾਂ ਕਿਸੇ ਲਾਲਚ ਜਾਂ ਪ੍ਰਚਾਰ ਦੇ, ਉਹ ਸਫ਼ਾਈ ਨੂੰ ਆਪਣਾ ਫ਼ਰਜ਼ ਅਤੇ ਮਿਸ਼ਨ ਮੰਨ ਕੇ ਨਿਭਾ ਰਹੇ ਹਨ।
ਸਾਬਕਾ ਡੀਆਈਜੀ ਹੋਣ ਦੇ ਬਾਵਜੂਦ, ਇੰਦਰਜੀਤ ਸਿੰਘ ਸਿੱਧੂ ਨੇ ਕਦੇ ਵੀ ਆਪਣੇ ਅਹੁਦੇ ਜਾਂ ਰੁਤਬੇ ਨੂੰ ਆੜ ਨਹੀਂ ਬਣਾਇਆ। ਉਹ ਕਹਿੰਦੇ ਹਨ ਕਿ ਸਫ਼ਾਈ ਕਿਸੇ ਇੱਕ ਵਿਭਾਗ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਚੰਡੀਗੜ੍ਹ, ਜੋ “ਸਿਟੀ ਬਿਊਟੀਫ਼ੁਲ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਨੂੰ ਸੱਚਮੁੱਚ ਨੰਬਰ-ਵਨ ਸਾਫ਼ ਸ਼ਹਿਰ ਬਣਾਉਣਾ ਹੀ ਉਨ੍ਹਾਂ ਦਾ ਸੁਪਨਾ ਹੈ।
ਉਹ ਦੱਸਦੇ ਹਨ ਕਿ ਕਈ ਵਾਰ ਲੋਕ ਉਨ੍ਹਾਂ ਦਾ ਮਜ਼ਾਕ ਵੀ ਉਡਾਉਂਦੇ ਹਨ, ਕੁਝ ਉਨ੍ਹਾਂ ਨੂੰ ਪਾਗਲ ਤੱਕ ਕਹਿ ਦਿੰਦੇ ਹਨ, ਪਰ ਇਹ ਸਭ ਕੁਝ ਉਨ੍ਹਾਂ ਦੇ ਹੌਂਸਲੇ ਨੂੰ ਡਗਮਗਾਉਂਦਾ ਨਹੀਂ। ਉਨ੍ਹਾਂ ਲਈ ਸਫ਼ਾਈ ਸਿਰਫ਼ ਕੰਮ ਨਹੀਂ, ਸਗੋਂ ਜੀਵਨ ਦਾ ਅਸੂਲ ਹੈ।
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਇੰਦਰਜੀਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਅਹੰਮ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਅੰਮ੍ਰਿਤਸਰ ਵਿੱਚ ਐਸਪੀ ਸਿਟੀ ਵਜੋਂ ਵੀ ਸੇਵਾ ਕੀਤੀ। 1996 ਵਿੱਚ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ, ਅੱਜ ਉਹ ਸਫ਼ਾਈ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ।
Get all latest content delivered to your email a few times a month.