ਤਾਜਾ ਖਬਰਾਂ
ਦੱਖਣੀ ਫਿਲੀਪੀਨਜ਼ ਵਿੱਚ ਵਾਪਰੇ ਇੱਕ ਭਿਆਨਕ ਸਮੁੰਦਰੀ ਹਾਦਸੇ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਕਈ ਸਾਲ ਪਹਿਲਾਂ ਹੋਈ ਟਾਈਟੈਨਿਕ ਤਬਾਹੀ ਦੀਆਂ ਦਰਦਨਾਕ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, 350 ਤੋਂ ਵੱਧ ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਜਾ ਰਹੀ ਇੱਕ ਅੰਤਰ-ਟਾਪੂ ਫੈਰੀ ਅਚਾਨਕ ਦੇਰ ਰਾਤ ਸਮੁੰਦਰ ਵਿੱਚ ਡੁੱਬ ਗਈ।
ਤੱਟ ਰੱਖਿਅਕ ਵਿਭਾਗ ਅਨੁਸਾਰ, ਹੁਣ ਤੱਕ ਘੱਟੋ-ਘੱਟ 18 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਕਰੀਬ 316 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਵੀ ਕਈ ਲੋਕ ਅਜੇ ਤੱਕ ਲਾਪਤਾ ਦੱਸੇ ਜਾ ਰਹੇ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਕੋਸਟ ਗਾਰਡ ਅਧਿਕਾਰੀਆਂ ਨੇ ਦੱਸਿਆ ਕਿ ਐਮ/ਵੀ ਤ੍ਰਿਸ਼ਾ ਕਰਸਟਿਨ-3 ਨਾਮਕ ਇਹ ਫੈਰੀ ਬੰਦਰਗਾਹੀ ਸ਼ਹਿਰ ਜ਼ੈਂਬੋਆਂਗਾ ਤੋਂ ਸੁਲੂ ਪ੍ਰਾਂਤ ਦੇ ਦੱਖਣੀ ਟਾਪੂ ਜੋਲੋ ਵੱਲ ਜਾ ਰਹੀ ਸੀ। ਫੈਰੀ ਵਿੱਚ ਕੁੱਲ 332 ਯਾਤਰੀ ਅਤੇ 27 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ਨੂੰ ਰਸਤੇ ਵਿੱਚ ਮਕੈਨੀਕਲ ਖਰਾਬੀ ਆ ਗਈ, ਜਿਸ ਤੋਂ ਬਾਅਦ ਇਹ ਅਸੰਤੁਲਿਤ ਹੋ ਕੇ ਸਮੁੰਦਰ ਵਿੱਚ ਡੁੱਬ ਗਿਆ।
ਹਾਦਸੇ ਤੋਂ ਬਚਾਏ ਗਏ ਯਾਤਰੀ ਮੁਹੰਮਦ ਖਾਨ ਨੇ ਦੱਸਿਆ ਕਿ ਜਹਾਜ਼ ਅਚਾਨਕ ਇੱਕ ਪਾਸੇ ਝੁਕ ਗਿਆ ਅਤੇ ਕੁਝ ਹੀ ਪਲਾਂ ਵਿੱਚ ਪਾਣੀ ਅੰਦਰ ਭਰ ਗਿਆ। ਹਨੇਰੇ ਅਤੇ ਘਬਰਾਹਟ ਦੇ ਮਾਹੌਲ ਵਿੱਚ ਲੋਕ ਸਮੁੰਦਰ ਵਿੱਚ ਡੁੱਬਣ ਲੱਗ ਪਏ। ਖਾਨ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਛੇ ਮਹੀਨੇ ਦੇ ਬੱਚੇ ਨਾਲ ਯਾਤਰਾ ਕਰ ਰਿਹਾ ਸੀ। ਦੁਰਭਾਗਵਸ਼, ਖਾਨ ਅਤੇ ਉਸ ਦੀ ਪਤਨੀ ਤਾਂ ਬਚ ਗਏ, ਪਰ ਉਨ੍ਹਾਂ ਦਾ ਨੰਨਾ ਬੱਚਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।
ਕੋਸਟ ਗਾਰਡ ਕਮਾਂਡਰ ਰੋਮਲ ਦੁਆ ਨੇ ਦੱਸਿਆ ਕਿ ਬਚਾਅ ਕਾਰਜ ਲਈ ਕੋਸਟ ਗਾਰਡ ਅਤੇ ਨੇਵੀ ਦੇ ਜਹਾਜ਼ਾਂ ਦੇ ਨਾਲ-ਨਾਲ ਇੱਕ ਨਿਗਰਾਨੀ ਜਹਾਜ਼, ਏਅਰ ਫੋਰਸ ਦਾ ਬਲੈਕ ਹਾਕ ਹੈਲੀਕਾਪਟਰ ਅਤੇ ਸਥਾਨਕ ਮੱਛੀਮਾਰ ਕਿਸ਼ਤੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਹ ਖੋਜ ਅਤੇ ਬਚਾਅ ਮੁਹਿੰਮ ਬਾਸਿਲਾਨ ਦੇ ਤੱਟੀ ਇਲਾਕੇ ਵਿੱਚ ਲਗਾਤਾਰ ਜਾਰੀ ਹੈ।
ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਅਤੇ ਇਸ ਸਬੰਧੀ ਵਿਸਥਾਰਪੂਰਕ ਜਾਂਚ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਫਿਲੀਪੀਨਜ਼ ਦੇ ਟਾਪੂ ਸਮੂਹ ਵਿੱਚ ਅਜਿਹੇ ਸਮੁੰਦਰੀ ਹਾਦਸੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਮੁੱਖ ਕਾਰਨ ਤੂਫਾਨੀ ਮੌਸਮ, ਕਿਸ਼ਤੀਆਂ ਦੀ ਖ਼ਰਾਬ ਦੇਖਭਾਲ, ਹੱਦ ਤੋਂ ਵੱਧ ਭੀੜ ਅਤੇ ਸੁਰੱਖਿਆ ਨਿਯਮਾਂ ਦੀ ਢਿੱਲੀ ਪਾਲਣਾ ਮੰਨੀ ਜਾਂਦੀ ਹੈ।
Get all latest content delivered to your email a few times a month.