ਤਾਜਾ ਖਬਰਾਂ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਜਾਇਜ਼ ਅਸਲੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਸੁਹੇਲ ਮੀਰ ਆਈ.ਪੀ.ਐਸ. ਅਤੇ ਐਸ.ਪੀ. (ਡੀ) ਅਦਿੱਤਿਆ ਵਾਰੀਅਰ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਵਿਦੇਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਦੀ ਪਛਾਣ ਯੁੱਧਵੀਰ ਸਿੰਘ ਪੁੱਤਰ ਜਰਨੈਲ ਸਿੰਘ, ਵਾਸੀ ਪਿੰਡ ਰਣੀਕੇ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਯੁੱਧਵੀਰ ਸਿੰਘ ਅਤੇ ਨਰੇਸ਼ ਕੁਮਾਰ ਉਰਫ਼ ਮਨੀ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਬੰਧ ਹਨ ਅਤੇ ਇਹ ਲੋਕ ਪਾਕਿਸਤਾਨ ਤੋਂ ਡਰੋਨਾਂ ਅਤੇ ਹੋਰ ਸਾਧਨਾਂ ਰਾਹੀਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ।
ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਪਿੰਡ ਡੰਡੇ ਨੇੜੇ ਨਹਿਰ ਦੇ ਨਾਲ ਬਣੇ ਕੱਚੇ ਰਸਤੇ ’ਤੇ ਨਾਕਾਬੰਦੀ ਕੀਤੀ, ਜਿੱਥੋਂ ਯੁੱਧਵੀਰ ਸਿੰਘ ਨੂੰ ਇੱਕ PX5 ਸ਼ਟੋਰਮ ਵਿਦੇਸ਼ੀ ਪਿਸਤੌਲ (.30 ਬੋਰ) ਅਤੇ ਇੱਕ ਮੈਗਜ਼ੀਨ ਸਮੇਤ ਕਾਬੂ ਕਰ ਲਿਆ ਗਿਆ।
ਇਸ ਮਾਮਲੇ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 30 ਮਿਤੀ 25 ਜਨਵਰੀ 2026 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25(8)/54/59 ਅਤੇ 61(2) ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਆਰੋਪੀ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਜਾਇਜ਼ ਅਸਲੇ ਦੇ ਸਰੋਤਾਂ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਮਿਲ ਸਕੇ। ਜਾਂਚ ਦੌਰਾਨ ਜੇ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.