ਤਾਜਾ ਖਬਰਾਂ
ਪੰਜਾਬ ਵਿੱਚ ਚਾਈਨਾ ਡੋਰ ‘ਤੇ ਪਾਬੰਦੀ ਦੇ ਬਾਵਜੂਦ ਪਤੰਗਬਾਜ਼ੀ ਨਾਲ ਜੁੜੇ ਹਾਦਸੇ ਲਗਾਤਾਰ ਜਾਨਲੇਵਾ ਸਾਬਤ ਹੋ ਰਹੇ ਹਨ। ਕਈ ਵਾਰ ਪਤੰਗ ਲੁੱਟਣ ਜਾਂ ਉਤਾਰਣ ਦੀ ਲਾਲਸਾ ਨੌਜਵਾਨਾਂ ਤੇ ਬੱਚਿਆਂ ਲਈ ਮੌਤ ਦਾ ਕਾਰਨ ਬਣ ਜਾਂਦੀ ਹੈ। ਐਸਾ ਹੀ ਇੱਕ ਦੁਖਦਾਈ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਵਿੱਚ ਵਾਪਰਿਆ, ਜਿੱਥੇ 13 ਸਾਲਾ ਬੱਚੇ ਦੀ ਜਾਨ ਚਲੀ ਗਈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਢਪਾਲੀ ਦਾ ਰਹਿਣ ਵਾਲਾ ਜਸ਼ਨਪ੍ਰੀਤ ਸ਼ਨੀਵਾਰ ਸ਼ਾਮ ਕਰੀਬ 5 ਵਜੇ ਪਿੰਡ ਦੀ ਅਨਾਜ ਮੰਡੀ ਦੇ ਨੇੜੇ ਖੁੱਲੀ ਜਗ੍ਹਾ ‘ਚ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸਦੀ ਪਤੰਗ ਨੇੜਲੇ ਦਰੱਖਤ ਦੀ ਟਾਹਣੀ ਵਿੱਚ ਫਸ ਗਈ। ਪਤੰਗ ਕੱਢਣ ਲਈ ਜਦੋਂ ਜਸ਼ਨਪ੍ਰੀਤ ਇੱਕ ਪੁਰਾਣੀ ਇਮਾਰਤ ਦੇ ਖਸਤਾ ਹਾਲ ਪਿਲਰ ‘ਤੇ ਚੜ੍ਹਿਆ ਤਾਂ ਅਚਾਨਕ ਉਹ ਪਿਲਰ ਡਿੱਗ ਗਿਆ। ਪਿਲਰ ਦੇ ਡਿੱਗਣ ਨਾਲ ਜਸ਼ਨ ਮਲਬੇ ਹੇਠ ਦੱਬ ਗਿਆ ਅਤੇ ਮੌਕੇ ‘ਤੇ ਹੀ ਭਾਰੀ ਜਖ਼ਮੀ ਹੋ ਗਿਆ।
ਹਾਦਸੇ ਸਮੇਂ ਆਸ-ਪਾਸ ਕੋਈ ਮੌਜੂਦ ਨਾ ਹੋਣ ਕਰਕੇ ਕਿਸੇ ਨੂੰ ਵੀ ਤੁਰੰਤ ਇਸ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਵੱਲੋਂ ਰਾਤ ਭਰ ਬੱਚੇ ਦੀ ਭਾਲ ਕੀਤੀ ਗਈ, ਪਰ ਸਵੇਰੇ ਪਿੰਡ ਵਾਸੀਆਂ ਦੀ ਮਦਦ ਨਾਲ ਜਦੋਂ ਮਲਬਾ ਹਟਾਇਆ ਗਿਆ ਤਾਂ ਜਸ਼ਨਪ੍ਰੀਤ ਦੀ ਲਾਸ਼ ਪਿਲਰ ਹੇਠੋਂ ਬਰਾਮਦ ਹੋਈ। ਐਤਵਾਰ ਸਵੇਰੇ ਕਰੀਬ 10 ਵਜੇ ਉਸਦੀ ਮੌਤ ਦੀ ਪੁਸ਼ਟੀ ਹੋਈ।
ਜਸ਼ਨਪ੍ਰੀਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਵਿੱਤੀ ਮਦਦ ਅਤੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
Get all latest content delivered to your email a few times a month.