IMG-LOGO
ਹੋਮ ਰਾਸ਼ਟਰੀ: ਨੋਇਡਾ ਤੋਂ ਬਾਅਦ ਹੁਣ ਦਿੱਲੀ 'ਚ ਵੱਡੀ ਲਾਪਰਵਾਹੀ, ਟੋਏ ਵਿੱਚ...

ਨੋਇਡਾ ਤੋਂ ਬਾਅਦ ਹੁਣ ਦਿੱਲੀ 'ਚ ਵੱਡੀ ਲਾਪਰਵਾਹੀ, ਟੋਏ ਵਿੱਚ ਡਿੱਗਣ ਕਾਰਨ ਬੈਂਕ ਮੈਨੇਜਰ ਦੀ ਮੌਤ

Admin User - Feb 06, 2026 01:19 PM
IMG

ਨੋਇਡਾ ਵਿੱਚ ਇੰਜੀਨੀਅਰ ਯੁਵਰਾਜ ਮਹਿਤਾ ਦੀ ਮੌਤ ਵਰਗਾ ਹੀ ਇੱਕ ਦਰਦਨਾਕ ਮਾਮਲਾ ਹੁਣ ਦਿੱਲੀ ਦੇ ਜਨਕਪੁਰੀ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਸੜਕ 'ਤੇ ਪੁੱਟੇ ਗਏ ਇੱਕ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਇੱਕ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਮਲ ਵਜੋਂ ਹੋਈ ਹੈ, ਜੋ HDFC ਬੈਂਕ ਵਿੱਚ ਅਸਿਸਟੈਂਟ ਮੈਨੇਜਰ ਵਜੋਂ ਤਾਇਨਾਤ ਸਨ। ਕਮਲ ਕੈਲਾਸ਼ਪੁਰੀ ਇਲਾਕੇ ਦੇ ਰਹਿਣ ਵਾਲੇ ਸਨ।


ਦਫ਼ਤਰ ਤੋਂ ਘਰ ਪਰਤਦੇ ਸਮੇਂ ਹੋਇਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕਮਲ ਰਾਤ ਵੇਲੇ ਰੋਹਿਣੀ ਸਥਿਤ ਆਪਣੇ ਦਫ਼ਤਰ ਤੋਂ ਘਰ ਪਰਤ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਪਰਿਵਾਰ ਵਾਲਿਆਂ ਨਾਲ ਲਗਾਤਾਰ ਫ਼ੋਨ 'ਤੇ ਗੱਲਬਾਤ ਹੋ ਰਹੀ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਹੁੰਚੇ ਤਾਂ ਚਿੰਤਤ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਵਿੱਚ ਨਿਕਲੇ। ਸਾਰੀ ਰਾਤ ਲੱਭਣ ਦੇ ਬਾਵਜੂਦ ਕਮਲ ਦਾ ਕੁਝ ਪਤਾ ਨਹੀਂ ਲੱਗਿਆ। ਅਗਲੀ ਸਵੇਰ ਕਰੀਬ 7:30 ਵਜੇ ਪੁਲਿਸ ਦਾ ਫ਼ੋਨ ਆਉਣ 'ਤੇ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਮਿਲੀ। ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਕਮਲ ਦੀ ਲਾਸ਼ ਆਪਣੀ ਬਾਈਕ ਸਮੇਤ ਟੋਏ ਵਿੱਚ ਪਈ ਸੀ।


ਦਿੱਲੀ ਜਲ ਬੋਰਡ ਦੀ ਲਾਪਰਵਾਹੀ ਆਈ ਸਾਹਮਣੇ

ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ, ਉੱਥੇ ਦਿੱਲੀ ਜਲ ਬੋਰਡ ਵੱਲੋਂ ਕੰਮ ਚੱਲ ਰਿਹਾ ਸੀ ਅਤੇ ਸੜਕ ਦੇ ਵਿਚਕਾਰ ਟੋਏ ਪੁੱਟੇ ਗਏ ਸਨ। ਇਹ ਹਾਦਸਾ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਵਿਧਾਨ ਸਭਾ ਹਲਕੇ ਵਿੱਚ ਵਾਪਰਿਆ ਹੈ।


ਪਰਿਵਾਰ ਵਿੱਚ ਭਾਰੀ ਰੋਸ

ਇਸ ਹਾਦਸੇ ਕਾਰਨ ਮ੍ਰਿਤਕ ਦੇ ਪਰਿਵਾਰ ਵਿੱਚ ਡੂੰਘਾ ਸੋਗ ਅਤੇ ਪ੍ਰਸ਼ਾਸਨ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਇਸ ਮੌਤ ਲਈ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.