IMG-LOGO
ਹੋਮ ਰਾਸ਼ਟਰੀ: ਸੂਰਜਕੁੰਡ ਮੇਲੇ ਦੇ ਝੂਲਾ ਹਾਦਸੇ ’ਚ ਵੱਡੀ ਪੁਲਿਸ ਕਾਰਵਾਈ, ਦੋ...

ਸੂਰਜਕੁੰਡ ਮੇਲੇ ਦੇ ਝੂਲਾ ਹਾਦਸੇ ’ਚ ਵੱਡੀ ਪੁਲਿਸ ਕਾਰਵਾਈ, ਦੋ ਮੁਲਜ਼ਮ ਕਾਬੂ, ਐਸਆਈਟੀ ਦੀ ਜਾਂਚ ਸ਼ੁਰੂ

Admin User - Feb 08, 2026 05:37 PM
IMG

ਸੂਰਜਕੁੰਡ ਅੰਤਰਰਾਸ਼ਟਰੀ ਮੇਲੇ ਦੌਰਾਨ ਵਾਪਰੇ ਦਰਦਨਾਕ ਝੂਲਾ ਹਾਦਸੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹਾਦਸਾ 7 ਫਰਵਰੀ ਨੂੰ ਮੇਲੇ ਦੇ ਅਹਾਤੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਝੂਲਾ ਅਚਾਨਕ ਟੁੱਟ ਗਿਆ, ਜਿਸ ਕਾਰਨ ਭਿਆਨਕ ਹਫੜਾ-ਦਫੜੀ ਮਚ ਗਈ।

ਹਾਦਸੇ ਦੌਰਾਨ ਲੋਕਾਂ ਨੂੰ ਬਚਾਉਂਦੇ ਹੋਏ ਹਰਿਆਣਾ ਪੁਲਿਸ ਦੇ ਇੰਸਪੈਕਟਰ ਜਗਦੀਸ਼ ਪ੍ਰਸਾਦ ਸ਼ਹੀਦ ਹੋ ਗਏ, ਜਿਸ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਬਣ ਗਿਆ। ਇਸ ਘਟਨਾ ਨੇ ਮੇਲੇ ਦੀ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।

ਪੁਲਿਸ ਨੇ ਹਿਮਾਚਲ ਫਨ ਕੇਅਰ ਕੰਪਨੀ ਦੇ ਮਾਲਕ ਮੁਹੰਮਦ ਸ਼ਾਕਿਰ ਦੇ ਖ਼ਿਲਾਫ਼ ਸੂਰਜਕੁੰਡ ਪੁਲਿਸ ਸਟੇਸ਼ਨ ਵਿੱਚ ਗੈਰ-ਇਰਾਦਤਨ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਦੌਰਾਨ ਕੰਪਨੀ ਦੇ ਮਾਲਕ ਮੁਹੰਮਦ ਸ਼ਾਕਿਰ ਅਤੇ ਇਕ ਹੋਰ ਦੋਸ਼ੀ ਨਿਤੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁਹੰਮਦ ਸ਼ਾਕਿਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਟੋਕਾ ਨੰਗਲਾ ਪਿੰਡ ਦਾ ਵਸਨੀਕ ਹੈ, ਜਦਕਿ ਨਿਤੇਸ਼ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਧਰਮਪੁਰ ਸਦਰ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਦੇ ਨਿਰਦੇਸ਼ਾਂ ’ਤੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਇਹ ਐਸਆਈਟੀ ਡਿਪਟੀ ਕਮਿਸ਼ਨਰ ਪੁਲਿਸ (ਕ੍ਰਾਈਮ) ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ, ਜਿਸ ਵਿੱਚ ਏਸੀਪੀ ਕ੍ਰਾਈਮ-2, ਕ੍ਰਾਈਮ ਬ੍ਰਾਂਚ ਐਨਆਈਟੀ ਦੇ ਇੰਚਾਰਜ ਅਤੇ ਸੂਰਜਕੁੰਡ ਥਾਣੇ ਦੇ ਸਬ-ਇੰਸਪੈਕਟਰ ਸੰਜੇ ਸ਼ਾਮਲ ਹਨ। ਟੀਮ ਤਕਨੀਕੀ ਅਤੇ ਵਿਗਿਆਨਕ ਤੱਥਾਂ ਦੇ ਆਧਾਰ ’ਤੇ ਹਾਦਸੇ ਦੀ ਪੂਰੀ ਜਾਂਚ ਕਰ ਰਹੀ ਹੈ।

ਚਸ਼ਮਦੀਦਾਂ ਅਨੁਸਾਰ, ਜਿਵੇਂ ਹੀ ਝੂਲਾ ਟੁੱਟਿਆ, ਲੋਕਾਂ ਵਿੱਚ ਡਰ ਅਤੇ ਘਬਰਾਹਟ ਫੈਲ ਗਈ। ਚੀਕਾਂ-ਚਿਹਾੜਾ ਮਚ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸੈਰ-ਸਪਾਟਾ ਵਿਭਾਗ ਦੇ ਉੱਚ ਅਧਿਕਾਰੀ ਅਤੇ ਸੀਨੀਅਰ ਪੁਲਿਸ ਅਫ਼ਸਰ ਮੌਕੇ ’ਤੇ ਪਹੁੰਚ ਗਏ।

ਪ੍ਰਸ਼ਾਸਨ ਵੱਲੋਂ ਹੋਰ ਕਿਸੇ ਵੀ ਅਣਹੋਣੀ ਤੋਂ ਬਚਾਅ ਲਈ ਪੂਰੇ ਇਲਾਕੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

ਇਸ ਹਾਦਸੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੋਂ ਸਾਂਝਾ ਦੁੱਖ ਪ੍ਰਗਟ ਕਰਦੇ ਹਨ ਅਤੇ ਜ਼ਖ਼ਮੀਆਂ ਦੇ ਤੁਰੰਤ ਅਤੇ ਉਚਿਤ ਇਲਾਜ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.