ਤਾਜਾ ਖਬਰਾਂ
ਪੰਜਾਬੀ ਅਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਦੇਣ ਵਾਲੇ ਸ਼ਖਸ ਨੇ ਬੇਹੱਦ ਖ਼ੌਫ਼ਨਾਕ ਲਹਿਜੇ ਵਿੱਚ ਕਿਹਾ ਹੈ ਕਿ "ਤੇਰੇ ਦਿਨ ਹੁਣ ਥੋੜ੍ਹੇ ਹੀ ਰਹਿ ਗਏ ਹਨ।" ਇਸ ਘਟਨਾ ਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰੇਟ ਵਿੱਚ ਹੜਕੰਪ ਮਚ ਗਿਆ ਹੈ।
ਗੱਡੀਆਂ ਦੀ ਰੇਕੀ ਕਰਕੇ ਭੇਜੀਆਂ ਤਸਵੀਰਾਂ
ਮੈਨੇਜਰ ਅਭਿਸ਼ੇਕ ਜੋਸ਼ੀ ਮੁਤਾਬਕ ਧਮਕੀ ਦੇਣ ਵਾਲੇ ਕੋਲ ਉਨ੍ਹਾਂ ਦੀ ਪੂਰੀ ਲੋਕੇਸ਼ਨ ਅਤੇ ਵਾਹਨਾਂ ਦੀ ਜਾਣਕਾਰੀ ਹੈ। ਜੋਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਣਪਛਾਤੇ ਨੰਬਰ ਤੋਂ ਆ ਰਹੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ, ਤਾਂ ਮੁਲਜ਼ਮ ਨੇ ਵਟਸਐਪ 'ਤੇ ਉਨ੍ਹਾਂ ਦੀ ਕਾਰ ਦੀਆਂ ਤਸਵੀਰਾਂ ਭੇਜ ਦਿੱਤੀਆਂ। ਇਸ ਤੋਂ ਬਾਅਦ ਫੋਨ 'ਤੇ ਧਮਕਾਉਂਦਿਆਂ ਕਿਹਾ ਗਿਆ, "ਤੇਰੇ ਸੀਨੇ ਵਿੱਚ ਇੰਨਾ ਪਿੱਤਲ (ਗੋਲੀਆਂ) ਭਰ ਦਿਆਂਗੇ ਕਿ ਡਾਕਟਰ ਵੀ ਦੇਖ ਕੇ ਸੋਚ ਵਿੱਚ ਪੈ ਜਾਣਗੇ।"
28 ਜਨਵਰੀ ਤੋਂ ਸ਼ੁਰੂ ਹੋਇਆ ਧਮਕੀਆਂ ਦਾ ਸਿਲਸਿਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਸ਼ੀ ਨੇ ਖੁਲਾਸਾ ਕੀਤਾ ਕਿ ਸਭ ਤੋਂ ਪਹਿਲੀ ਕਾਲ 28 ਜਨਵਰੀ ਦੀ ਸ਼ਾਮ ਨੂੰ ਆਈ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਇਸ ਨੂੰ ਮਜ਼ਾਕ ਜਾਂ ਕਿਸੇ ਦੀ ਸ਼ਰਾਰਤ ਸਮਝ ਕੇ ਅਣਗੌਲਿਆ ਕਰ ਦਿੱਤਾ, ਪਰ ਪੰਜ ਦਿਨਾਂ ਬਾਅਦ ਜਦੋਂ ਦੁਬਾਰਾ ਉਸੇ ਨੰਬਰ ਤੋਂ ਫੋਨ ਆਇਆ ਅਤੇ ਗੱਡੀਆਂ ਦੀਆਂ ਫੋਟੋਆਂ ਭੇਜੀਆਂ ਗਈਆਂ, ਤਾਂ ਮਾਮਲਾ ਗੰਭੀਰ ਰੂਪ ਧਾਰ ਗਿਆ।
ਪੁਲਿਸ ਵੱਲੋਂ ਜਾਂਚ ਤੇਜ਼: ਆਡੀਓ ਰਿਕਾਰਡਿੰਗ ਕਬਜ਼ੇ 'ਚ
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਭਿਸ਼ੇਕ ਜੋਸ਼ੀ ਵੱਲੋਂ ਧਮਕੀ ਭਰੀਆਂ ਕਾਲਾਂ ਦੀ ਸਾਰੀ ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਹੁਣ ਸਾਈਬਰ ਸੈੱਲ ਦੀ ਮਦਦ ਨਾਲ ਕਾਲ ਡਿਟੇਲਜ਼ ਅਤੇ ਵਟਸਐਪ ਨੰਬਰ ਨੂੰ ਟਰੇਸ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕਿਸੇ ਗੈਂਗਸਟਰ ਦਾ ਹੱਥ ਹੈ ਜਾਂ ਕੋਈ ਹੋਰ ਸਾਜ਼ਿਸ਼।
ਜਲੰਧਰ ਪੁਲਿਸ ਨੇ ਅਭਿਸ਼ੇਕ ਜੋਸ਼ੀ ਅਤੇ ਮਾਸਟਰ ਸਲੀਮ ਦੇ ਨਜ਼ਦੀਕੀ ਸਰਕਲ ਦੀ ਸੁਰੱਖਿਆ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।
Get all latest content delivered to your email a few times a month.