ਤਾਜਾ ਖਬਰਾਂ
ਟੀ-20 ਵਰਲਡ ਕੱਪ ਦੇ ਅਹਿਮ ਪੜਾਅ 'ਤੇ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਟੀਮ ਦੇ ਸਟਾਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿਛਲੇ ਇੱਕ ਸਾਲ ਵਿੱਚ ਟੀ-20 ਫਾਰਮੈਟ 'ਚ ਭਾਰਤ ਲਈ ਸਭ ਤੋਂ ਵੱਡੇ 'ਮੈਚ ਵਿਨਰ' ਵਜੋਂ ਉੱਭਰੇ ਅਭਿਸ਼ੇਕ ਦਾ ਅਚਾਨਕ ਬਿਮਾਰ ਹੋਣਾ ਟੀਮ ਮੈਨੇਜਮੈਂਟ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਖ਼ਾਸਕਰ ਜਦੋਂ 15 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਮਹਾ-ਮੁਕਾਬਲਾ ਹੋਣ ਜਾ ਰਿਹਾ ਹੈ।
ਪੇਟ ਦੀ ਇਨਫੈਕਸ਼ਨ ਕਾਰਨ ਟ੍ਰੇਨਿੰਗ ਤੋਂ ਰਹੇ ਬਾਹਰ
ਨਾਮੀਬੀਆ ਵਿਰੁੱਧ ਹੋਣ ਵਾਲੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਪੁਸ਼ਟੀ ਕੀਤੀ ਕਿ ਅਭਿਸ਼ੇਕ ਦੇ ਪੇਟ ਵਿੱਚ ਗੰਭੀਰ ਸਮੱਸਿਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਇਨਫੈਕਸ਼ਨ ਵਧਣ ਕਾਰਨ ਉਨ੍ਹਾਂ ਨੇ ਟੀਮ ਦਾ ਪਹਿਲਾ ਟ੍ਰੇਨਿੰਗ ਸੈਸ਼ਨ ਮਿਸ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ (USA) ਵਿਰੁੱਧ ਮੈਚ ਦੌਰਾਨ ਵੀ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ, ਜਿਸ ਕਾਰਨ ਉਹ ਫੀਲਡਿੰਗ ਅੱਧ ਵਿਚਾਲੇ ਛੱਡ ਕੇ ਬਾਹਰ ਚਲੇ ਗਏ ਸਨ।
ਸੰਜੂ ਸੈਮਸਨ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
7 ਫਰਵਰੀ ਨੂੰ ਅਮਰੀਕਾ ਖਿਲਾਫ ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ ਸਨ ਅਤੇ ਬਾਅਦ ਵਿੱਚ ਉਹ ਮੈਚ ਤੋਂ ਬਾਅਦ ਹੱਥ ਮਿਲਾਉਣ ਦੀ ਰਸਮ (Handshake) ਲਈ ਵੀ ਮੈਦਾਨ ਵਿੱਚ ਨਹੀਂ ਆਏ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸੰਜੂ ਸੈਮਸਨ ਨੇ ਅਭਿਆਸ ਸੈਸ਼ਨ ਦੌਰਾਨ ਪਸੀਨਾ ਵਹਾਇਆ ਹੈ। ਕੋਚ ਡੋਸ਼ੇਟ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਅਭਿਸ਼ੇਕ ਫਿਟ ਨਹੀਂ ਹੁੰਦੇ, ਤਾਂ ਟੀਮ ਕੰਬੀਨੇਸ਼ਨ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
ਪਾਕਿਸਤਾਨ ਮੈਚ ਲਈ ਫਿਟਨੈਸ ਬਣੀ ਚੁਣੌਤੀ
ਟੀਮ ਮੈਨੇਜਮੈਂਟ ਦੀ ਕੋਸ਼ਿਸ਼ ਹੈ ਕਿ ਅਭਿਸ਼ੇਕ ਨੂੰ 12 ਫਰਵਰੀ ਨੂੰ ਨਾਮੀਬੀਆ ਵਿਰੁੱਧ ਹੋਣ ਵਾਲੇ ਮੈਚ ਵਿੱਚ ਆਰਾਮ ਦਿੱਤਾ ਜਾਵੇ, ਤਾਂ ਜੋ ਉਹ 15 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਹਾਈ-ਵੋਲਟੇਜ ਮੈਚ ਲਈ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਣ। ਫਿਲਹਾਲ ਅਗਲੇ 24 ਘੰਟੇ ਉਨ੍ਹਾਂ ਦੀ ਸਿਹਤ ਲਈ ਬਹੁਤ ਅਹਿਮ ਦੱਸੇ ਜਾ ਰਹੇ ਹਨ।
ਅਭਿਸ਼ੇਕ ਸ਼ਰਮਾ ਦੀ ਹਮਲਾਵਰ ਬੱਲੇਬਾਜ਼ੀ ਭਾਰਤ ਲਈ ਅਹਿਮ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਵਿਰੁੱਧ ਨਵੀਂ ਰਣਨੀਤੀ ਘੜਨੀ ਪੈ ਸਕਦੀ ਹੈ।
Get all latest content delivered to your email a few times a month.