ਤਾਜਾ ਖਬਰਾਂ
ਲੁਧਿਆਣਾ ਦੇ ਜਗੀਰਪੁਰ ਇਲਾਕੇ ਦੀ ਸੁਰਜੀਤ ਕਲੋਨੀ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 32 ਸਾਲਾ ਮਹਿਲਾ ਨੇ ਮਕਾਨ ਮਾਲਕ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕਾ ਦੀ ਪਛਾਣ ਰੋਜ਼ੀ ਵਜੋਂ ਹੋਈ ਹੈ। ਦੋਸ਼ ਹੈ ਕਿ ਮਕਾਨ ਮਾਲਕ ਨੇ ਰੋਜ਼ੀ ਦੀ ਨਹਾਉਂਦੇ ਸਮੇਂ ਵੀਡੀਓ ਬਣਾ ਲਈ ਸੀ ਅਤੇ ਉਸ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਤਸੀਹੇ ਦੇ ਰਿਹਾ ਸੀ।
ਵਿਦੇਸ਼ ਗਏ ਪਤੀ ਪਿੱਛੋਂ ਹਢਾਇਆ ਸੰਤਾਪ
ਪਰਿਵਾਰਕ ਮੈਂਬਰਾਂ ਅਨੁਸਾਰ ਰੋਜ਼ੀ ਦਾ ਪਤੀ ਪਿਛਲੇ ਪੰਜ ਮਹੀਨਿਆਂ ਤੋਂ ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਵਿਦੇਸ਼ ਗਿਆ ਹੋਇਆ ਹੈ। ਘਰ ਵਿੱਚ ਰੋਜ਼ੀ ਆਪਣੇ ਦੋ ਮਾਸੂਮ ਬੱਚਿਆਂ (ਇੱਕ ਪੁੱਤਰ ਅਤੇ ਇੱਕ ਧੀ) ਨਾਲ ਰਹਿ ਰਹੀ ਸੀ। ਪਿੱਛੋਂ ਮਕਾਨ ਮਾਲਕ ਉਸ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਉਸ ਨੂੰ ਵੀਡੀਓ ਰਾਹੀਂ ਬਲੈਕਮੇਲ ਕਰ ਰਿਹਾ ਸੀ। 9 ਫਰਵਰੀ ਨੂੰ ਰੋਜ਼ੀ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਵੀਡੀਓ ਕਲਿੱਪਾਂ ਵਿੱਚ ਬਿਆਨ ਕੀਤਾ ਦਰਦ
ਖ਼ੁਦਕੁਸ਼ੀ ਕਰਨ ਤੋਂ ਕੁਝ ਸਮਾਂ ਪਹਿਲਾਂ ਰੋਜ਼ੀ ਨੇ ਆਪਣੇ ਮੋਬਾਈਲ 'ਤੇ ਕਈ ਵੀਡੀਓ ਰਿਕਾਰਡ ਕੀਤੇ ਸਨ। ਇਨ੍ਹਾਂ ਵੀਡੀਓਜ਼ ਵਿੱਚ ਉਸ ਨੇ ਰੋਂਦਿਆਂ ਹੋਇਆ ਦੱਸਿਆ ਕਿ ਮਕਾਨ ਮਾਲਕ ਉਸ ਨੂੰ ਕਿਸ ਤਰ੍ਹਾਂ ਪਰੇਸ਼ਾਨ ਕਰ ਰਿਹਾ ਸੀ। ਰੋਜ਼ੀ ਨੇ ਸਪੱਸ਼ਟ ਕੀਤਾ ਕਿ ਉਸ ਦੀ ਮੌਤ ਲਈ ਸਿੱਧੇ ਤੌਰ 'ਤੇ ਮਕਾਨ ਮਾਲਕ ਜ਼ਿੰਮੇਵਾਰ ਹੈ। ਉਸ ਨੇ ਇਨ੍ਹਾਂ ਕਲਿੱਪਾਂ ਵਿੱਚ ਆਪਣੇ ਲੰਬੇ ਸਮੇਂ ਤੋਂ ਸਹਿ ਰਹੇ ਮਾਨਸਿਕ ਤਸੀਹਿਆਂ ਦਾ ਜ਼ਿਕਰ ਕੀਤਾ ਹੈ।
ਪੁਲਿਸ ਵੱਲੋਂ ਮਕਾਨ ਮਾਲਕ ਤੇ ਪਤਨੀ ਖ਼ਿਲਾਫ਼ ਮਾਮਲਾ ਦਰਜ
ਜਾਂਚ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਪਾਲਾ ਰਾਮ ਦੇ ਬਿਆਨਾਂ ਅਤੇ ਮਿਲੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਟਿੱਬਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਕਾਨ ਮਾਲਕ ਅਤੇ ਉਸ ਦੀ ਪਤਨੀ ਪੁਸ਼ਪਾ ਵਿਰੁੱਧ ਬੀ.ਐਨ.ਐਸ. (ਪੁਰਾਣੀ ਆਈ.ਪੀ.ਸੀ.) ਦੀਆਂ ਸਬੰਧਤ ਧਾਰਾਵਾਂ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਮੁਲਜ਼ਮ ਮਕਾਨ ਮਾਲਕ ਅਤੇ ਉਸ ਦੀ ਪਤਨੀ ਫਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮਹਿਲਾ ਦਾ ਫੋਨ ਵੀ ਫੋਰੈਂਸਿਕ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਹੈ।
Get all latest content delivered to your email a few times a month.