ਤਾਜਾ ਖਬਰਾਂ
ਸਿਰਲੇਖ:
ਰਿਲੀਜ਼ ਤੋਂ ਪਹਿਲਾਂ ਰਣਵੀਰ ਸਿੰਘ ਨੂੰ ਆਈ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਅਲਰਟ; ਲਾਰੈਂਸ ਬਿਸ਼ਨੋਈ ਗੈਂਗ ‘ਤੇ ਸ਼ੱਕ ਗਹਿਰਾ
ਖਬਰ ਦਾ ਵੇਰਵਾ:
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਜੋ ਇਸ ਵੇਲੇ ਆਪਣੀ ਆਉਣ ਵਾਲੀ ਫਿਲਮ “ਧੁਰੰਧਰ 2” ਨੂੰ ਲੈ ਕੇ ਚਰਚਾ ਵਿੱਚ ਹਨ, ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਨਾਲ ਫਿਲਮ ਇੰਡਸਟਰੀ ਵਿੱਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਅਦਾਕਾਰ ਨੂੰ ਇੱਕ ਵੌਇਸ ਨੋਟ ਰਾਹੀਂ ਗੰਭੀਰ ਧਮਕੀ ਭੇਜੀ ਗਈ, ਜਿਸ ਵਿੱਚ ਉਸ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਹੈ। ਵੌਇਸ ਨੋਟ ਵਿੱਚ ਅਪਮਾਨਜਨਕ ਭਾਸ਼ਾ ਵਰਤੀ ਗਈ ਅਤੇ ਧਮਕੀ ਨਾ ਮੰਨਣ ਦੀ ਸੂਰਤ ਵਿੱਚ ਭਿਆਨਕ ਨਤੀਜਿਆਂ ਦੀ ਚੇਤਾਵਨੀ ਦਿੱਤੀ ਗਈ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੁੰਬਈ ਪੁਲਿਸ ਹਰਕਤ ਵਿੱਚ ਆ ਗਈ। ਬਾਂਦਰਾ ਪੁਲਿਸ ਸਟੇਸ਼ਨ ਦੀ ਟੀਮ ਤੁਰੰਤ ਰਣਵੀਰ ਸਿੰਘ ਦੇ ਘਰ ਪਹੁੰਚੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੁਰੱਖਿਆ ਦੇ ਮੱਦੇਨਜ਼ਰ ਅਦਾਕਾਰ ਦੇ ਨਿਵਾਸ ਸਥਾਨ ‘ਤੇ ਹਥਿਆਰਬੰਦ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਮਿਲ ਰਹੀ ਜਾਣਕਾਰੀ ਅਨੁਸਾਰ ਛੇ ਹਥਿਆਰਬੰਦ ਸੁਰੱਖਿਆ ਕਰਮਚਾਰੀ ਅਤੇ ਇੱਕ ਵਰਦੀਧਾਰੀ ਪੁਲਿਸ ਅਧਿਕਾਰੀ 24 ਘੰਟੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਘਰ ਦੇ ਬਾਹਰ ਵੀ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਵਧਾ ਦਿੱਤੀ ਗਈ ਹੈ।
ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਦੀ ਟੀਮ ਵੌਇਸ ਨੋਟ ਭੇਜਣ ਵਾਲੇ ਮੋਬਾਈਲ ਨੰਬਰ ਅਤੇ ਵਰਤੇ ਗਏ ਪਲੇਟਫਾਰਮ ਨੂੰ ਟਰੈਕ ਕਰਨ ਵਿੱਚ ਜੁਟੀ ਹੋਈ ਹੈ। ਮੁੱਢਲੀ ਜਾਂਚ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਪੁਲਿਸ ਇਸ ਐਂਗਲ ਤੋਂ ਵੀ ਗੰਭੀਰਤਾ ਨਾਲ ਤਫਤੀਸ਼ ਕਰ ਰਹੀ ਹੈ। ਹਾਲਾਂਕਿ ਅਧਿਕਾਰਿਕ ਤੌਰ ‘ਤੇ ਅਜੇ ਕਿਸੇ ਗਿਰੋਹ ਦੀ ਪੁਸ਼ਟੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਵਧੇ ਹਨ। ਇਸ ਤੋਂ ਪਹਿਲਾਂ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਵੀ ਸੁਰੱਖਿਆ ਵਧਾਉਣੀ ਪਈ ਸੀ। ਇਸ ਤਾਜ਼ਾ ਘਟਨਾ ਨਾਲ ਫਿਲਮ ਇੰਡਸਟਰੀ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਫਿਲਹਾਲ ਰਣਵੀਰ ਸਿੰਘ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ, ਪਰ ਨੇੜਲੇ ਸੂਤਰਾਂ ਅਨੁਸਾਰ ਪਰਿਵਾਰ ਇਸ ਘਟਨਾ ਤੋਂ ਬਾਅਦ ਕਾਫ਼ੀ ਚਿੰਤਤ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.