ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਗਈ ਤਕਨੀਕੀ ਮਾਹਿਰਾਂ ਦੀ ਸਬ ਕਮੇਟੀ ਦੀ ਮਹੱਤਵਪੂਰਨ ਬੈਠਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਆਯੋਜਿਤ ਕੀਤੀ ਗਈ। ਇਸ ਬੈਠਕ ਦਾ ਮੁੱਖ ਉਦੇਸ਼ ਏਆਈ ਅਤੇ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਸਿੱਖ ਧਰਮ ਸਬੰਧੀ ਫੈਲ ਰਹੀ ਗਲਤ ਜਾਣਕਾਰੀ ਅਤੇ ਮਾਣ-ਮਰਿਆਦਾ ਦੇ ਉਲੰਘਣ ਵਾਲੀ ਸਮੱਗਰੀ ਨੂੰ ਰੋਕਣ ਲਈ ਯੋਜਨਾਬੱਧ ਕਦਮ ਤੈਅ ਕਰਨਾ ਸੀ।
ਬੈਠਕ ਵਿੱਚ ਵੱਖ-ਵੱਖ ਵਿਦਿਆਕ ਅਤੇ ਤਕਨੀਕੀ ਸੰਸਥਾਵਾਂ ਨਾਲ ਸੰਬੰਧਿਤ ਮਾਹਿਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਡਾ. ਸਰਪ੍ਰੀਤ ਸਿੰਘ, ਖਾਲਸਾ ਕਾਲਜ ਪਟਿਆਲਾ ਦੇ ਡਾ. ਗੁਰਪਾਲ ਸਿੰਘ, ਅਤੇ ਗੁਰੂ ਨਾਨਕ ਇੰਜੀਅਰਿੰਗ ਕਾਲਜ ਲੁਧਿਆਣਾ ਨਾਲ ਸੰਬੰਧਿਤ ਡਾ. ਜਗਦੀਪ ਸਿੰਘ ਮੱਲ੍ਹੀ ਅਤੇ ਡਾ. ਸਤਿੰਦਰਪਾਲ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਤਕਨੀਕੀ ਵਿਦਵਾਨਾਂ ਨੇ ਵੀ ਆਪਣੀ ਭਾਗੀਦਾਰੀ ਨਿਭਾਈ ਅਤੇ ਆਨਲਾਈਨ ਮਾਧਿਅਮ ਰਾਹੀਂ ਸੁਝਾਅ ਦਿੱਤੇ।
ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਬੈਠਕ ਦੌਰਾਨ ਏਆਈ ਦੇ ਜਿੰਮੇਵਾਰ ਵਰਤੋਂ, ਨਿਗਰਾਨੀ ਮਕੈਨਿਜ਼ਮ ਅਤੇ ਧਾਰਮਿਕ ਸਮੱਗਰੀ ਦੀ ਸਹੀ ਪ੍ਰਮਾਣਿਕਤਾ ਯਕੀਨੀ ਬਣਾਉਣ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਹਿਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਪ੍ਰਧਾਨ ਸਾਹਿਬ ਨੂੰ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਗਲੇ ਕਦਮ ਨਿਰਧਾਰਤ ਕੀਤੇ ਜਾਣਗੇ।
ਕਮੇਟੀ ਮੈਂਬਰਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਤਕਨੀਕੀ ਪੱਧਰ ‘ਤੇ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣਗੇ, ਤਾਂ ਜੋ ਡਿਜੀਟਲ ਮੰਚਾਂ ‘ਤੇ ਸਿੱਖ ਧਰਮ ਦੀ ਸਹੀ ਅਤੇ ਪ੍ਰਮਾਣਿਕ ਪੇਸ਼ਕਾਰੀ ਯਕੀਨੀ ਬਣਾਈ ਜਾ ਸਕੇ।
Get all latest content delivered to your email a few times a month.