ਤਾਜਾ ਖਬਰਾਂ
ਏਸ਼ੀਆ ਦੇ ਸਭ ਤੋਂ ਵੱਡੇ ਕ੍ਰਿਕਟ ਟਾਕਰੇ ਯਾਨੀ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਫਿਟਨੈੱਸ 'ਤੇ ਟਿਕ ਗਈਆਂ ਹਨ। ਸ਼ੁੱਕਰਵਾਰ ਦੇਰ ਰਾਤ ਅਭਿਸ਼ੇਕ ਟੀਮ ਇੰਡੀਆ ਦੇ ਨਾਲ ਕੋਲੰਬੋ ਦੇ ਹੋਟਲ ਪਹੁੰਚ ਚੁੱਕੇ ਹਨ। ਢਿੱਡ ਦੇ ਇਨਫੈਕਸ਼ਨ (Stomach Infection) ਤੋਂ ਉੱਭਰ ਰਹੇ ਇਸ ਨੌਜਵਾਨ ਖਿਡਾਰੀ ਦੀ ਵਾਪਸੀ 'ਤੇ ਅੰਤਿਮ ਫ਼ੈਸਲਾ ਅੱਜ ਹੋਣ ਵਾਲੇ ਫਿਟਨੈੱਸ ਟੈਸਟ ਤੋਂ ਬਾਅਦ ਲਿਆ ਜਾਵੇਗਾ।
ਹਸਪਤਾਲ ਤੋਂ ਸਿੱਧਾ ਮੈਦਾਨ ਵੱਲ?
ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਇਸੇ ਵਜ੍ਹਾ ਕਰਕੇ ਉਹ ਨਾਮੀਬੀਆ ਖ਼ਿਲਾਫ਼ ਮੈਚ ਵਿੱਚ ਵੀ ਨਹੀਂ ਖੇਡ ਸਕੇ ਸਨ। ਹਾਲਾਂਕਿ ਉਹ ਉਸ ਮੈਚ ਦੌਰਾਨ ਡ੍ਰੈਸਿੰਗ ਰੂਮ ਵਿੱਚ ਮੌਜੂਦ ਸਨ, ਪਰ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਸੰਜੂ ਸੈਮਸਨ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਸੌਂਪੀ ਸੀ। ਹੁਣ 15 ਫਰਵਰੀ ਦੇ ਅਹਿਮ ਮੈਚ ਲਈ ਉਨ੍ਹਾਂ ਦਾ ਟੀਮ ਨਾਲ ਜੁੜਨਾ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ।
ਸ਼ਨੀਵਾਰ ਦਾ ਅਭਿਆਸ ਸੈਸ਼ਨ ਹੋਵੇਗਾ 'ਅਗਨੀ ਪ੍ਰੀਖਿਆ'
ਅੱਜ ਸ਼ਾਮ 6 ਵਜੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਹੋਣ ਵਾਲੀ ਟ੍ਰੇਨਿੰਗ ਅਭਿਸ਼ੇਕ ਲਈ ਲਿਟਮਸ ਟੈਸਟ ਸਾਬਤ ਹੋਵੇਗੀ। ਕੋਚ ਗੌਤਮ ਗੰਭੀਰ ਇਸ ਗੱਲ 'ਤੇ ਬਾਰੀਕੀ ਨਾਲ ਨਜ਼ਰ ਰੱਖਣਗੇ ਕਿ ਅਭਿਸ਼ੇਕ ਨੈੱਟਸ 'ਤੇ ਕਿੰਨੀ ਦੇਰ ਬੱਲੇਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਦੀ ਮੂਵਮੈਂਟ ਕਿਵੇਂ ਰਹਿੰਦੀ ਹੈ। ਜੇਕਰ ਉਹ ਪੂਰੀ ਤਰ੍ਹਾਂ ਸਹਿਜ ਮਹਿਸੂਸ ਕਰਦੇ ਹਨ, ਤਾਂ ਉਹ ਐਤਵਾਰ ਨੂੰ ਪਾਕਿਸਤਾਨੀ ਗੇਂਦਬਾਜ਼ਾਂ ਦੇ ਪਰਖੱਚੇ ਉਡਾਉਣ ਲਈ ਈਸ਼ਾਨ ਕਿਸ਼ਨ ਦੇ ਨਾਲ ਮੈਦਾਨ 'ਚ ਉਤਰਨਗੇ।
ਮਾਪੇ ਵੀ ਹੌਸਲਾ ਵਧਾਉਣ ਪਹੁੰਚੇ ਕੋਲੰਬੋ
ਇੱਕ ਦਿਲਚਸਪ ਗੱਲ ਇਹ ਹੈ ਕਿ ਅਭਿਸ਼ੇਕ ਦੇ ਮਾਪੇ ਵੀ ਖ਼ਾਸ ਤੌਰ 'ਤੇ ਇਸ ਵੱਡੇ ਮੈਚ ਲਈ ਕੋਲੰਬੋ ਪਹੁੰਚ ਚੁੱਕੇ ਹਨ। ਦੂਜੇ ਪਾਸੇ, ਜੇਕਰ ਅਭਿਸ਼ੇਕ ਅਣਫਿੱਟ ਰਹਿੰਦੇ ਹਨ, ਤਾਂ ਭਾਰਤ ਕੋਲ ਸੰਜੂ ਸੈਮਸਨ ਨੂੰ ਹੀ ਬਰਕਰਾਰ ਰੱਖਣ ਦਾ ਵਿਕਲਪ ਹੈ। ਕੁਝ ਮਾਹਿਰ ਵਾਸ਼ਿੰਗਟਨ ਸੁੰਦਰ ਨੂੰ ਬਤੌਰ ਓਪਨਰ ਵਰਤਣ ਦੀ ਗੱਲ ਵੀ ਕਰ ਰਹੇ ਹਨ ਤਾਂ ਜੋ ਇੱਕ ਵਾਧੂ ਸਪਿਨਰ ਦਾ ਫਾਇਦਾ ਲਿਆ ਜਾ ਸਕੇ, ਪਰ ਵੱਡੇ ਮੈਚ ਵਿੱਚ ਗੰਭੀਰ ਕਿਸੇ ਤਜਰਬੇਕਾਰ ਓਪਨਰ ਨੂੰ ਹੀ ਪਹਿਲ ਦੇਣਗੇ।
Get all latest content delivered to your email a few times a month.