ਤਾਜਾ ਖਬਰਾਂ
ਮੈਕਸੀਕੋ ਦੇ ਸਭ ਤੋਂ ਸ਼ਕਤੀਸ਼ਾਲੀ ਡਰੱਗ ਕਾਰਟੇਲ ਦੇ ਸਰਗਣਾ ‘ਐਲ ਮਾਂਚੋ’ ਦੀ ਫੌਜੀ ਮੁਕਾਬਲੇ ਵਿੱਚ ਮੌਤ ਤੋਂ ਬਾਅਦ ਪੂਰੇ ਦੇਸ਼ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਐਤਵਾਰ ਨੂੰ ਫੌਜ ਵੱਲੋਂ ਕੀਤੇ ਗਏ ਇੱਕ ਵੱਡੇ ਆਪ੍ਰੇਸ਼ਨ ਵਿੱਚ ਇਸ ਡਰੱਗ ਮਾਲਕ ਨੂੰ ਮਾਰ ਦਿੱਤਾ ਗਿਆ ਸੀ, ਜਿਸ ਦੇ ਪ੍ਰਤੀਕਰਮ ਵਜੋਂ ਉਸ ਦੇ ਹਮਾਇਤੀਆਂ ਨੇ ਸੜਕਾਂ 'ਤੇ ਨੰਗਾ ਨਾਚ ਸ਼ੁਰੂ ਕਰ ਦਿੱਤਾ ਹੈ। ਹਿੰਸਾ ਦੇ ਮੱਦੇਨਜ਼ਰ ਮੈਕਸੀਕੋ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ।
ਭਾਰਤੀ ਦੂਤਾਵਾਸ ਦੀ ਅਪੀਲ: ‘ਘਰਾਂ ਅੰਦਰ ਹੀ ਰਹੋ’
ਸੋਮਵਾਰ ਨੂੰ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਭਾਰਤੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਗਲੇ ਨੋਟਿਸ ਤੱਕ ਸੁਰੱਖਿਅਤ ਥਾਵਾਂ 'ਤੇ ਰਹਿਣ। ਖ਼ਾਸ ਤੌਰ 'ਤੇ ਜੈਲਿਸਕੋ, ਤਾਮੌਲੀਪਾਸ (ਰੇਨੋਸਾ ਸਮੇਤ), ਮਿਚੋਆਕਨ, ਗੁਆਰੇਰੋ ਅਤੇ ਨੁਏਵੋ ਲਿਓਨ ਵਰਗੇ ਪ੍ਰਭਾਵਿਤ ਇਲਾਕਿਆਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਬੇਲੋੜੀ ਆਵਾਜਾਈ ਤੋਂ ਬਚਣ ਲਈ ਕਿਹਾ ਗਿਆ ਹੈ। ਦੂਤਾਵਾਸ ਨੇ ਸਲਾਹ ਦਿੱਤੀ ਹੈ ਕਿ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਫੌਜੀ ਕਾਰਵਾਈ ਵਾਲੀਆਂ ਥਾਵਾਂ ਤੋਂ ਦੂਰ ਰਿਹਾ ਜਾਵੇ।
ਸੜਕਾਂ ’ਤੇ ਕਬਜ਼ਾ ਅਤੇ ਅੱਗਜ਼ਨੀ
ਮੀਡੀਆ ਰਿਪੋਰਟਾਂ ਅਨੁਸਾਰ, ਅਪਰਾਧਿਕ ਸਮੂਹਾਂ ਨੇ ਦੇਸ਼ ਦੇ ਲਗਭਗ 12 ਰਾਜਾਂ ਵਿੱਚ ਮੁੱਖ ਮਾਰਗਾਂ 'ਤੇ ਜਾਮ ਲਗਾ ਦਿੱਤਾ ਹੈ। ਕਈ ਥਾਵਾਂ 'ਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਜੈਲਿਸਕੋ ਦੀ ਰਾਜਧਾਨੀ ਗੁਆਡਾਲਜਾਰਾ ਵਿੱਚ ਸਕੂਲਾਂ ਨੂੰ ਤਾਲੇ ਲਗਾ ਦਿੱਤੇ ਗਏ ਹਨ।
ਹਵਾਈ ਸੇਵਾਵਾਂ ਠੱਪ, ਸੈਲਾਨੀ ਪਰੇਸ਼ਾਨ
ਹਿੰਸਾ ਦਾ ਅਸਰ ਸੈਰ-ਸਪਾਟੇ 'ਤੇ ਵੀ ਪਿਆ ਹੈ। ਮਸ਼ਹੂਰ ਸੈਲਾਨੀ ਸਥਾਨ ਪਿਊਰਟੋ ਵਾਲਾਰਟਾ ਦੇ ਆਲੇ-ਦੁਆਲੇ ਹਵਾਈ ਸੰਚਾਲਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ‘ਵੁਏਲਾ’ ਅਤੇ ‘ਵਿਵਾ ਏਰੋਬਸ’ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਨੇ ਅਸਥਾਈ ਤੌਰ 'ਤੇ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਹਨ, ਜਿਸ ਕਾਰਨ ਹਜ਼ਾਰਾਂ ਮੁਸਾਫਰ ਫਸੇ ਹੋਏ ਹਨ।
ਮੈਕਸੀਕੋ ਸਰਕਾਰ ਨੇ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਫੌਜ ਦੀ ਨਫ਼ਰੀ ਵਧਾ ਦਿੱਤੀ ਹੈ। ਪਰ ‘ਐਲ ਮਾਂਚੋ’ ਦੇ ਸਮਰਥਕਾਂ ਦੇ ਗੁੱਸੇ ਨੂੰ ਦੇਖਦਿਆਂ ਆਉਣ ਵਾਲੇ ਕੁਝ ਦਿਨ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਨਾਜ਼ੁਕ ਮੰਨੇ ਜਾ ਰਹੇ ਹਨ।
Get all latest content delivered to your email a few times a month.