ਤਾਜਾ ਖਬਰਾਂ
ਬਠਿੰਡਾ: ਮੁਲਤਾਨੀਆ ਪੁਲ ਦੇ ਨਜ਼ਦੀਕ ਸਥਿਤ ਰੇਲਵੇ ਕੁਆਰਟਰਾਂ ਵਿੱਚ ਇੱਕ 28 ਸਾਲਾ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਨਾਲ ਪੁਲਿਸ ਅਤੇ ਸਮਾਜ ਸੇਵੀ ਸੰਸਥਾ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ।
ਮ੍ਰਿਤਕ ਦੀ ਪਛਾਣ ਮਦਨ ਕੁਮਾਰ (28) ਪੁੱਤਰ ਤੁਲਸੀਦਾਸ ਵਜੋਂ ਹੋਈ ਹੈ, ਜੋ ਰੇਲਵੇ ਕੁਆਰਟਰ ਦਾ ਰਿਹਾਇਸ਼ੀ ਸੀ। ਜਾਣਕਾਰੀ ਅਨੁਸਾਰ ਮਦਨ ਨੇ ਆਪਣੇ ਕਮਰੇ ਵਿੱਚ ਚਾਦਰ ਦਾ ਫੰਦਾ ਬਣਾ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ।
ਰਾਹਤ ਕਾਰਜ ਅਤੇ ਪੁਲਿਸ ਕਾਰਵਾਈ
ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ 'ਲਾਈਫ਼ ਸੇਵਿੰਗ ਬ੍ਰਿਗੇਡ' ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਅਤੇ ਗੌਤਮ ਗੋਇਲ ਤੁਰੰਤ ਮੌਕੇ 'ਤੇ ਪਹੁੰਚੇ। ਟੀਮ ਨੇ ਪੁਲਿਸ ਦੀ ਮੌਜੂਦਗੀ ਵਿੱਚ ਨੌਜਵਾਨ ਦੀ ਦੇਹ ਨੂੰ ਪੱਖੇ ਤੋਂ ਹੇਠਾਂ ਉਤਾਰਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ।
ਥਾਣਾ ਕੈਨਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਖ਼ੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿੱਚ ਮਾਤਮ ਪਸਰਿਆ ਹੋਇਆ ਹੈ ਅਤੇ ਰੇਲਵੇ ਕਲੋਨੀ ਵਿੱਚ ਵੀ ਗਮਗੀਨ ਮਾਹੌਲ ਬਣਿਆ ਹੋਇਆ ਹੈ।
Get all latest content delivered to your email a few times a month.