ਤਾਜਾ ਖਬਰਾਂ
ਮੱਧ ਪੂਰਬ ਵਿੱਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਸੈਨਾ ਟਕਰਾਅ ਨੇ ਹੁਣ ਸਮੁੰਦਰੀ ਖੇਤਰ ਤੱਕ ਆਪਣਾ ਪਸਾਰਾ ਕਰ ਲਿਆ ਹੈ। ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਦੇ ਤੱਟ ਨੇੜੇ ਇੱਕ ਈਰਾਨੀ ਜਹਾਜ਼ ‘ਤੇ ਅਣਪਛਾਤੀ ਪਣਡੁੱਬੀ ਵੱਲੋਂ ਹਮਲਾ ਕੀਤਾ ਗਿਆ, ਜਿਸ ਕਾਰਨ ਜਹਾਜ਼ ਭਾਰੀ ਨੁਕਸਾਨ ਦਾ ਸ਼ਿਕਾਰ ਹੋਇਆ। ਇਸ ਹਾਦਸੇ ਦੌਰਾਨ ਘੱਟੋ-ਘੱਟ 100 ਲੋਕ ਲਾਪਤਾ ਹੋ ਗਏ ਹਨ, ਜਦਕਿ 78 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ 32 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।
ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਹਾਜ਼, ਜਿਸ ਦੀ ਪਛਾਣ IRIS Dena ਵਜੋਂ ਹੋਈ ਹੈ, ‘ਤੇ ਲਗਭਗ 180 ਯਾਤਰੀ ਸਵਾਰ ਸਨ। ਸੂਚਨਾ ਮਿਲਣ ‘ਤੇ ਸ਼੍ਰੀਲੰਕਾਈ ਜਲ ਸੈਨਾ ਅਤੇ ਹਵਾਈ ਦਲ ਨੂੰ ਤੁਰੰਤ ਬਚਾਅ ਕਾਰਵਾਈ ਲਈ ਭੇਜਿਆ ਗਿਆ। ਸਿਹਤ ਅਧਿਕਾਰੀਆਂ ਦੇ ਅਨੁਸਾਰ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ, ਸੱਤ ਲੋਕਾਂ ਦਾ ਐਮਰਜੈਂਸੀ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਬਾਕੀਆਂ ਨੂੰ ਹਲਕੀਆਂ ਚੋਟਾਂ ਲਈ ਇਲਾਜ ਮਿਲ ਰਿਹਾ ਹੈ। ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਖੋਜ ਜਾਰੀ ਹੈ।
ਇਸ ਘਟਨਾ ਦੇ ਨਾਲ ਹੀ ਮੱਧ ਪੂਰਬ ਵਿੱਚ ਜੰਗੀ ਸਥਿਤੀ ਹੋਰ ਵੀ ਭਿਆਨਕ ਹੋ ਗਈ ਹੈ। ਇਜ਼ਰਾਈਲ ਵੱਲੋਂ ਈਰਾਨ ਦੇ ਕਈ ਸ਼ਹਿਰਾਂ ‘ਤੇ ਹਵਾਈ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਰਾਜਧਾਨੀ ਤਹਿਰਾਨ ਵੀ ਸ਼ਾਮਲ ਹੈ। ਇਨ੍ਹਾਂ ਹਮਲਿਆਂ ਕਾਰਨ ਢਾਂਚਾਗਤ ਨੁਕਸਾਨ ਅਤੇ ਜਾਨੀ ਹਾਨੀ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਜਵਾਬੀ ਕਾਰਵਾਈ ਕਰਦਿਆਂ ਈਰਾਨ ਨੇ ਵੀ ਇਜ਼ਰਾਈਲ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਚਰਮ ‘ਤੇ ਪਹੁੰਚ ਗਿਆ ਹੈ।
ਇਸ ਟਕਰਾਅ ਦਾ ਅਸਰ ਖਾੜੀ ਖੇਤਰ ਦੇ ਹੋਰ ਦੇਸ਼ਾਂ ‘ਤੇ ਵੀ ਪਿਆ ਹੈ। ਈਰਾਨ ਨੇ ਉਹਨਾਂ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ, ਜਿਵੇਂ ਕਿ ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ, ਜਾਰਡਨ ਅਤੇ ਓਮਾਨ। ਹਾਲਾਤਾਂ ਨੂੰ ਦੇਖਦਿਆਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਤੁਰੰਤ ਸੰਯਮ ਅਤੇ ਕੂਟਨੀਤਿਕ ਹੱਲ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਵੱਡੇ ਪੱਧਰ ਦੀ ਜੰਗ ਤੋਂ ਬਚਿਆ ਜਾ ਸਕੇ।
Get all latest content delivered to your email a few times a month.