IMG-LOGO
ਹੋਮ ਪੰਜਾਬ: ਗੁਰਦਾਸਪੁਰ 'ਚ ਦਿਨ-ਦਹਾੜੇ ਵੱਡੀ ਵਾਰਦਾਤ: ਜਵੈਲਰ ਦੇ ਘਰੋਂ 3 ਕਰੋੜ...

ਗੁਰਦਾਸਪੁਰ 'ਚ ਦਿਨ-ਦਹਾੜੇ ਵੱਡੀ ਵਾਰਦਾਤ: ਜਵੈਲਰ ਦੇ ਘਰੋਂ 3 ਕਰੋੜ ਦੀ ਲੁੱਟ, ਬੱਚਿਆਂ ਦੇ ਸਿਰ 'ਤੇ ਪਿਸਤੌਲ ਤਾਣ ਕੇ ਪਰਿਵਾਰ ਨੂੰ ਬਣਾਇਆ ਬੰਧਕ

Admin User - Mar 05, 2026 02:50 PM
IMG

ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਅੱਜ ਸਵੇਰੇ ਲੁਟੇਰਿਆਂ ਨੇ ਇੱਕ ਨਾਮੀ ਜਵੈਲਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 3 ਕਰੋੜ ਰੁਪਏ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਪੰਜ ਹਥਿਆਰਬੰਦ ਲੁਟੇਰਿਆਂ ਨੇ ਨਾ ਸਿਰਫ਼ ਸੋਨਾ ਅਤੇ ਨਕਦੀ ਲੁੱਟੀ, ਸਗੋਂ ਪਰਿਵਾਰਕ ਮੈਂਬਰਾਂ ਅਤੇ ਮਾਸੂਮ ਬੱਚਿਆਂ ਨੂੰ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।


ਸੋਸ਼ਲ ਮੀਡੀਆ ਪੋਸਟ ਦਾ ਬਹਾਨਾ ਬਣਾ ਕੇ ਘਰ 'ਚ ਹੋਏ ਦਾਖ਼ਲ

ਪੀੜਤ ਜਵੈਲਰ ਵਰੁਣ ਮਹਾਜਨ ਦੀ ਪਤਨੀ ਨੇਹਾ ਮਹਾਜਨ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 8 ਵਜੇ ਵਾਪਰੀ। ਉਸ ਸਮੇਂ ਡਰਾਈਵਰ ਬਾਹਰ ਗੱਡੀਆਂ ਸਾਫ਼ ਕਰ ਰਿਹਾ ਸੀ। ਲੁਟੇਰਿਆਂ ਨੇ ਬੜੀ ਚਾਲਾਕੀ ਨਾਲ ਡਰਾਈਵਰ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਘਰ ਦੇ ਅੰਦਰ ਦਾਖ਼ਲ ਹੋ ਗਏ। ਅੰਦਰ ਆਉਂਦਿਆਂ ਹੀ ਉਨ੍ਹਾਂ ਨੇ ਡਰਾਉਣ ਵਾਲਾ ਡਰਾਮਾ ਰਚਿਆ। ਲੁਟੇਰਿਆਂ ਨੇ ਦੋਸ਼ ਲਾਇਆ ਕਿ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 'ਗੁਰੂਆਂ' ਬਾਰੇ ਗ਼ਲਤ ਪੋਸਟ ਪਾਈ ਹੈ। ਇਸੇ ਬਹਾਨੇ ਉਨ੍ਹਾਂ ਨੇ ਨੇਹਾ ਮਹਾਜਨ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ।


ਡਰਾਈਵਰ, ਵਰੁਣ ਮਹਾਜਨ ਅਤੇ ਨੇਹਾ ਮਹਾਜਨ ਨੂੰ ਉਨ੍ਹਾਂ ਦੇ ਬੱਚਿਆਂ ਸਮੇਤ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ।  ਜਦੋਂ ਪਰਿਵਾਰ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਬੱਚਿਆਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਘਰ ਦੀਆਂ ਸਾਰੀਆਂ ਚਾਬੀਆਂ ਹਾਸਲ ਕਰ ਲਈਆਂ।  ਲੁਟੇਰੇ ਇੰਨੇ ਸ਼ਾਤਰ ਸਨ ਕਿ ਉਹ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਵੀ ਪੁੱਟ ਕੇ ਲੈ ਗਏ ਅਤੇ ਪਰਿਵਾਰ ਦੀ ਹੀ ਕਾਰ ਵਿੱਚ ਫ਼ਰਾਰ ਹੋ ਗਏ।


ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਘਰ ਦਾ ਡੀਵੀਆਰ ਲੁਟੇਰੇ ਲੈ ਗਏ ਹਨ, ਪਰ ਪੁਲਿਸ ਨੇੜਲੇ ਇਲਾਕਿਆਂ ਅਤੇ ਸੜਕਾਂ 'ਤੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।


ਪਰਿਵਾਰ ਮੁਤਾਬਕ ਲੁੱਟੇ ਗਏ ਸੋਨੇ ਅਤੇ ਨਕਦੀ ਦੀ ਕੁੱਲ ਕੀਮਤ 3 ਕਰੋੜ ਰੁਪਏ ਦੇ ਕਰੀਬ ਹੈ। ਇਸ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.