ਤਾਜਾ ਖਬਰਾਂ
ਨੌਜਵਾਨਾਂ ਨੂੰ ਰੋਜ਼ਗਾਰਮੁਖੀ ਸਿੱਖਿਆ ਅਤੇ ਹੁਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਨੇ ਛੇ ਨਵੇਂ ਸਕਿੱਲ ਡਿਵੈਲਪਮੈਂਟ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਕੋਰਸ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਰਾਸ਼ਟਰੀ ਹੁਨਰ ਯੋਗਤਾ ਢਾਂਚਾ (ਐਨਐਸਕਿਊਐਫ) ਦੇ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ ਮੰਤਰਾਲੇ ਅਧੀਨ ਰਾਸ਼ਟਰੀ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਕੌਂਸਲ (ਐਨਸੀਵੀਈਟੀ) ਵੱਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇੱਛੁਕ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ www.cup.edu.in
ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਧੁਨਿਕ ਹੁਨਰਾਂ ਨਾਲ ਸਜਜਿਤ ਕਰਨਾ ਹੈ ਤਾਂ ਜੋ ਉਹ ਨੌਕਰੀ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੇ ਮੌਕਿਆਂ ਨੂੰ ਵੀ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਕੋਰਸਾਂ ਦੌਰਾਨ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ।
ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੋਰਸ ਖਾਸ ਤੌਰ ’ਤੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਲਾਭਦਾਇਕ ਸਾਬਤ ਹੋਣਗੇ। 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਨੌਜਵਾਨ ਜਿਨ੍ਹਾਂ ਨੇ ਅੱਠਵੀਂ, ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ, ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰਸਾਂ ਦੀ ਫੀਸ ਬਹੁਤ ਹੀ ਨਾਮਾਤਰ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਯੋਜਨਾ ਦਾ ਲਾਭ ਲੈ ਸਕਣ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣ ਵੱਲ ਕਦਮ ਵਧਾ ਸਕਣ।
Get all latest content delivered to your email a few times a month.