ਤਾਜਾ ਖਬਰਾਂ
ਭਾਰਤੀ ਸ਼ੇਅਰ ਬਾਜ਼ਾਰ ਲਈ ਸੋਮਵਾਰ ਦਾ ਦਿਨ ‘ਕਾਲਾ ਦਿਨ’ ਸਾਬਿਤ ਹੋਇਆ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਵਿੱਚ ਹਾਹਾਕਾਰ ਮੱਚ ਗਈ। ਬੰਬਈ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 2400 ਅੰਕਾਂ ਦੀ ਭਾਰੀ ਗਿਰਾਵਟ ਨਾਲ 76,424 'ਤੇ ਆ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 700 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ 23,697 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਯੁੱਧ ਦੇ ਬੱਦਲਾਂ ਨੇ ਡੋਬਿਆ ਬਾਜ਼ਾਰ
ਮਾਹਰਾਂ ਅਨੁਸਾਰ, ਬਾਜ਼ਾਰ ਵਿੱਚ ਆਈ ਇਸ ਸੁਨਾਮੀ ਪਿੱਛੇ ਸਭ ਤੋਂ ਵੱਡਾ ਕਾਰਨ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਵਧਦਾ ਜੰਗੀ ਤਣਾਅ ਹੈ। ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਅਸਥਿਰ ਹਾਲਾਤਾਂ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ ਵਿੱਚ ਡਰ ਦਾ ਮਾਹੌਲ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਦਲਾਲ ਸਟਰੀਟ 'ਤੇ ਦੇਖਣ ਨੂੰ ਮਿਲਿਆ।
ਕੁਝ ਮਿੰਟਾਂ ਵਿੱਚ ਹੀ ਮੁੱਧੇ ਮੂੰਹ ਡਿੱਗੇ ਸੂਚਕਾਂਕ
ਅੱਜ ਸਵੇਰੇ ਜਿਵੇਂ ਹੀ ਘੰਟੀ ਵੱਜੀ, ਸੈਂਸੈਕਸ ਆਪਣੇ ਪਿਛਲੇ ਬੰਦ (78,918.90) ਦੇ ਮੁਕਾਬਲੇ ਵੱਡੀ ਗਿਰਾਵਟ ਨਾਲ 77,056.75 'ਤੇ ਖੁੱਲ੍ਹਿਆ। ਪਰ ਗਿਰਾਵਟ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਹੀ ਮਿੰਟਾਂ ਵਿੱਚ ਇਹ 2,400 ਅੰਕ ਹੋਰ ਹੇਠਾਂ ਚਲਾ ਗਿਆ। ਇਸੇ ਤਰ੍ਹਾਂ ਨਿਫਟੀ ਨੇ ਵੀ 23,868 'ਤੇ ਸ਼ੁਰੂਆਤ ਕੀਤੀ ਅਤੇ ਦੇਖਦੇ ਹੀ ਦੇਖਦੇ 23,700 ਦੇ ਮਨੋਵਿਗਿਆਨਕ ਪੱਧਰ ਤੋਂ ਵੀ ਹੇਠਾਂ ਫਿਸਲ ਗਿਆ।
ਲਗਾਤਾਰ ਜਾਰੀ ਹੈ ਗਿਰਾਵਟ ਦਾ ਦੌਰ
ਬਾਜ਼ਾਰ ਵਿੱਚ ਇਹ ਉਥਲ-ਪੁਥਲ ਪਿਛਲੇ ਹਫ਼ਤੇ ਤੋਂ ਹੀ ਜਾਰੀ ਹੈ। ਬੀਤੇ ਸ਼ੁੱਕਰਵਾਰ ਨੂੰ ਵੀ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਜਿੱਥੇ ਸੈਂਸੈਕਸ 1097 ਅੰਕ ਅਤੇ ਨਿਫਟੀ 315 ਅੰਕ ਟੁੱਟ ਕੇ ਬੰਦ ਹੋਏ ਸਨ। ਅੱਜ ਦੀ ਗਿਰਾਵਟ ਨੇ ਨਿਵੇਸ਼ਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਭੂ-ਰਾਜਨੀਤਿਕ ਤਣਾਅ (Geopolitical Tension) ਘੱਟ ਨਹੀਂ ਹੁੰਦਾ, ਉਦੋਂ ਤੱਕ ਬਾਜ਼ਾਰ ਵਿੱਚ ਅਜਿਹੀ ਅਸਥਿਰਤਾ ਬਣੀ ਰਹਿ ਸਕਦੀ ਹੈ।
Get all latest content delivered to your email a few times a month.