ਤਾਜਾ ਖਬਰਾਂ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਵਿੱਚ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਗੋਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਪੁਲਿਸ ਡਿਵੀਜ਼ਨ ਨੰਬਰ 2 ਕਮਿਸ਼ਨਰੇਟ ਜਲੰਧਰ ਵਿੱਚ ਤਾਇਨਾਤ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਗਾਂਧੀ ਕੈਂਪ, ਜਲੰਧਰ ਦੇ ਇੱਕ ਨਿਵਾਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਜੋਤਸ਼ ਦਾ ਕੰਮ ਕਰਦਾ ਹੈ ਅਤੇ ਉਸਦੀ ਸ਼ਿਕਾਇਤ ‘ਤੇ ਉਸਦੇ ਗੁਆਂਢੀ ਵਿਜੈ ਰਾਜ ਉਰਫ਼ ਪਾਲੀ ਨੂੰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬਾਅਦ ਵਿੱਚ ਸ਼ਿਕਾਇਤਕਰਤਾ ਵਿਜੈ ਰਾਜ ਦੀ ਭੈਣ ਅਤੇ ਇਲਾਕਾ ਪ੍ਰਧਾਨ ਦੇ ਨਾਲ ਥਾਣਾ ਡਿਵੀਜ਼ਨ ਨੰਬਰ 2 ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਜੈ ਰਾਜ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਕੁਝ ਦਿਨਾਂ ਬਾਅਦ ਮੁਲਜ਼ਮ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਜੇਕਰ ਉਹ ਉਸਨੂੰ ਮਿਲਣ ਲਈ ਥਾਣੇ ਨਹੀਂ ਆਇਆ ਤਾਂ ਉਸਦਾ ਨਾਮ ਵੀ ਕੇਸ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।
ਇਸ ਮਾਮਲੇ ਨੂੰ ਲੈ ਕੇ ਜਦੋਂ ਸ਼ਿਕਾਇਤਕਰਤਾ ਦਾ ਛੋਟਾ ਭਰਾ ਬਲਵੰਤ ਅਤੇ ਇਲਾਕਾ ਪ੍ਰਧਾਨ ਅਮਿਤ ਕੁਮਾਰ ਉਰਫ਼ ਲਵਲੀ ਭਗਤ ਥਾਣੇ ਪਹੁੰਚੇ ਤਾਂ ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਕੇਸ ਵਿੱਚ ਨਾ ਫਸਾਉਣ ਦੇ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬੇਨਤੀ ਕਰਨ ‘ਤੇ ਇਹ ਰਕਮ ਘਟਾ ਕੇ 20,000 ਰੁਪਏ ਕਰ ਦਿੱਤੀ ਗਈ।
ਮਜਬੂਰੀ ਵੱਸ ਉਨ੍ਹਾਂ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ 10,000 ਰੁਪਏ ਦੇ ਦਿੱਤੇ, ਪਰ ਦੋਸ਼ੀ ਬਾਕੀ ਰਕਮ ਲੈਣ ‘ਤੇ ਅੜਿਆ ਰਿਹਾ। ਆਖ਼ਰਕਾਰ ਬਾਅਦ ਵਿੱਚ ਉਹ 8,000 ਰੁਪਏ ਲੈਣ ਲਈ ਤਿਆਰ ਹੋ ਗਿਆ। ਇਸ ਦੌਰਾਨ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਸੰਬੰਧਿਤ ਗੱਲਬਾਤ ਨੂੰ ਰਿਕਾਰਡ ਵੀ ਕਰ ਲਿਆ।
ਰਿਸ਼ਵਤ ਨਾ ਦੇਣ ਦੇ ਇਰਾਦੇ ਨਾਲ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਏਐਸਆਈ ਨੂੰ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.