ਤਾਜਾ ਖਬਰਾਂ
ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿੱਚ ਪੁਲਿਸ ਨੇ ਸ਼ਰਾਬ ਮਾਫੀਆ ਦਾ ਲਕ਼ ਤੋੜਨ ਲਈ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਨਡਿਆਦ ਵਿੱਚ ਪੁਲਿਸ ਵੱਲੋਂ ਚਲਾਏ ਗਏ 'ਆਪ੍ਰੇਸ਼ਨ ਬੁਲਡੋਜ਼ਰ' ਤਹਿਤ ਲਗਭਗ 1 ਕਰੋੜ 21 ਲੱਖ ਰੁਪਏ ਦੀ ਨਜਾਇਜ਼ ਵਿਦੇਸ਼ੀ ਸ਼ਰਾਬ ਨੂੰ ਬੁਲਡੋਜ਼ਰ ਫੇਰ ਕੇ ਨਸ਼ਟ ਕਰ ਦਿੱਤਾ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ 42,000 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ।
ਪੰਜ ਥਾਣਿਆਂ ਦੀ ਸਾਂਝੀ ਕਾਰਵਾਈ
ਇਹ ਕਾਰਵਾਈ ਨਡਿਆਦ ਪੀਜ ਚੌਂਕੜੀ ਦੇ ਨੇੜੇ ਕੀਤੀ ਗਈ। ਪੁਲਿਸ ਨੂੰ ਮਿਲੀ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਵੱਖ-ਵੱਖ ਸਮਿਆਂ 'ਤੇ ਮਾਰੇ ਗਏ ਛਾਪਿਆਂ ਦੌਰਾਨ ਇਹ ਸ਼ਰਾਬ ਬਰਾਮਦ ਕੀਤੀ ਗਈ ਸੀ। ਨਡਿਆਦ ਡਿਵੀਜ਼ਨ ਦੇ ਅਧੀਨ ਆਉਂਦੇ ਪੰਜ ਪੁਲਿਸ ਥਾਣਿਆਂ— ਨਡਿਆਦ ਰੂਰਲ, ਨਡਿਆਦ ਵੈਸਟ, ਚਕਲਾਸੀ, ਵਸੋ ਅਤੇ ਵੜਤਾਲ—ਵਿੱਚ ਦਰਜ ਵੱਖ-ਵੱਖ ਮਾਮਲਿਆਂ ਵਿੱਚ ਫੜੀ ਗਈ ਸ਼ਰਾਬ ਦਾ ਅੱਜ ਨਿਪਟਾਰਾ ਕੀਤਾ ਗਿਆ।
ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਇਆ ਨਿਪਟਾਰਾ
ਸ਼ਰਾਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਸਵੇਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਮੌਕੇ ਨਡਿਆਦ ਦੇ ਡੀ.ਵਾਈ.ਐਸ.ਪੀ. (DYSP), ਸ਼ਹਿਰੀ ਤੇ ਪੇਂਡੂ ਮਾਮਲਤਦਾਰ ਅਤੇ ਸਬੰਧਤ ਥਾਣਿਆਂ ਦੇ ਐਸ.ਐਚ.ਓ. (PI) ਮੌਜੂਦ ਸਨ। ਖੇੜਾ ਪੁਲਿਸ ਮੁਤਾਬਕ ਪਿਛਲੇ 4 ਸਾਲਾਂ ਵਿੱਚ ਹੁਣ ਤੱਕ 20 ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ ਜ਼ਬਤ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ।
ਸ਼ਰਾਬਬੰਦੀ ਦੇ ਬਾਵਜੂਦ ਵੱਡੀ ਬਰਾਮਦਗੀ ਨੇ ਖੜ੍ਹੇ ਕੀਤੇ ਸਵਾਲ
ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਪੂਰਨ ਸ਼ਰਾਬਬੰਦੀ ਲਾਗੂ ਹੈ, ਪਰ ਇਸ ਦੇ ਬਾਵਜੂਦ ਬੂਟਲੇਗਰਾਂ (ਤਸਕਰਾਂ) ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਸਪਲਾਈ ਜਾਰੀ ਹੈ। ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਦਾ ਫੜਿਆ ਜਾਣਾ ਅਤੇ ਫਿਰ ਨਸ਼ਟ ਕੀਤਾ ਜਾਣਾ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਸ਼ਰਾਬ ਦੀ ਇਹ ਵੱਡੀ ਖੇਪ ਕਿੱਥੋਂ ਆਈ ਸੀ ਅਤੇ ਇਸ ਪਿੱਛੇ ਕਿਹੜੇ ਵੱਡੇ ਮਾਫੀਆ ਦਾ ਹੱਥ ਹੈ।
Get all latest content delivered to your email a few times a month.