ਤਾਜਾ ਖਬਰਾਂ
ਦੇਸ਼ ਵਿੱਚ ਕੱਚੇ ਤੇਲ ਅਤੇ ਰਸੋਈ ਗੈਸ (LPG) ਦੀ ਕਿੱਲਤ ਬਾਰੇ ਫੈਲ ਰਹੀਆਂ ਅਫ਼ਵਾਹਾਂ 'ਤੇ ਵਿਰਾਮ ਲਗਾਉਂਦੇ ਹੋਏ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਵੱਡਾ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਦੀ ਊਰਜਾ ਸੁਰੱਖਿਆ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਸਪਲਾਈ ਚੇਨ ਵਿੱਚ ਕੋਈ ਰੁਕਾਵਟ ਨਹੀਂ ਹੈ। ਹਾਲਾਂਕਿ, ਅਫ਼ਵਾਹਾਂ ਕਾਰਨ ਹੋ ਰਹੀ 'ਪੈਨਿਕ ਬੁਕਿੰਗ' ਨੂੰ ਰੋਕਣ ਲਈ ਬੁਕਿੰਗ ਨਿਯਮਾਂ ਵਿੱਚ ਅਹਿਮ ਬਦਲਾਅ ਕੀਤੇ ਗਏ ਹਨ।
ਪੈਟਰੋਲੀਅਮ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਬਾਜ਼ਾਰ ਵਿੱਚ ਮੰਗ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਕੁਝ ਅਸਥਾਈ ਕਦਮ ਚੁੱਕੇ ਗਏ ਹਨ:
ਬੁਕਿੰਗ ਦਾ ਅੰਤਰ ਵਧਿਆ: ਦੋ ਸਿਲੰਡਰਾਂ ਦੀ ਬੁਕਿੰਗ ਵਿਚਕਾਰ ਘੱਟੋ-ਘੱਟ ਪਾੜੇ ਨੂੰ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ।
ਸੁਰੱਖਿਆ ਕੋਡ (DAC): ਗੈਸ ਦੀ ਦੁਰਵਰਤੋਂ ਰੋਕਣ ਲਈ ਹੁਣ 'ਡਿਲਿਵਰੀ ਪ੍ਰਮਾਣਿਕਤਾ ਕੋਡ' (DAC) ਪ੍ਰਣਾਲੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਡਿਲੀਵਰੀ ਚੱਕਰ: ਮੰਤਰਾਲੇ ਅਨੁਸਾਰ ਵਰਤਮਾਨ ਵਿੱਚ ਸਿਲੰਡਰ ਦੀ ਡਿਲੀਵਰੀ ਦਾ ਔਸਤ ਸਮਾਂ ਸਿਰਫ਼ ਢਾਈ ਦਿਨ ਹੈ, ਜੋ ਕਿ ਪੂਰੀ ਤਰ੍ਹਾਂ ਆਮ ਹੈ।
ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਦੇਸ਼ ਦੀਆਂ ਰਿਫਾਇਨਰੀਆਂ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ ਅਤੇ ਕੁਝ ਥਾਵਾਂ 'ਤੇ ਉਤਪਾਦਨ 100% ਤੋਂ ਵੀ ਵੱਧ ਹੋ ਰਿਹਾ ਹੈ। ਜਾਣਕਾਰੀ ਦਿੱਤੀ ਗਈ ਹੈ ਕਿ:
ਭਾਰਤ ਲਈ ਦੋ ਵੱਡੇ LNG ਕਾਰਗੋ ਰਵਾਨਾ ਹੋ ਚੁੱਕੇ ਹਨ, ਜੋ ਜਲਦ ਹੀ ਭਾਰਤ ਪਹੁੰਚਣਗੇ।
ਸਰਕਾਰੀ ਨੀਤੀਆਂ ਸਦਕਾ ਐਲਪੀਜੀ ਦੇ ਉਤਪਾਦਨ ਵਿੱਚ 25% ਦਾ ਵਾਧਾ ਦਰਜ ਕੀਤਾ ਗਿਆ ਹੈ।
ਕੱਚੇ ਤੇਲ ਦੀ ਸਪਲਾਈ ਨਿਰਵਿਘਨ ਜਾਰੀ ਹੈ, ਇਸ ਲਈ ਘਬਰਾ ਕੇ ਵਾਧੂ ਸਿਲੰਡਰ ਜਮ੍ਹਾ ਕਰਨ ਦੀ ਕੋਈ ਲੋੜ ਨਹੀਂ ਹੈ।
ਸੁਜਾਤਾ ਸ਼ਰਮਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਲਤ ਜਾਣਕਾਰੀ ਦੇ ਆਧਾਰ 'ਤੇ ਜਲਦਬਾਜ਼ੀ ਵਿੱਚ ਬੁਕਿੰਗ ਨਾ ਕਰਨ। ਉਨ੍ਹਾਂ ਕਿਹਾ ਕਿ ਕੁਝ ਲੋਕ ਡਰ ਕਾਰਨ ਸਿਲੰਡਰ ਜਮ੍ਹਾ ਕਰ ਰਹੇ ਹਨ, ਜਿਸ ਨਾਲ ਸਪਲਾਈ ਸਿਸਟਮ 'ਤੇ ਬੇਲੋੜਾ ਦਬਾਅ ਪੈ ਰਿਹਾ ਹੈ। ਸਰਕਾਰ ਹਰ ਘਰ ਤੱਕ ਸਮੇਂ ਸਿਰ ਗੈਸ ਪਹੁੰਚਾਉਣ ਲਈ ਵਚਨਬੱਧ ਹੈ।
Get all latest content delivered to your email a few times a month.