IMG-LOGO
ਹੋਮ ਰਾਸ਼ਟਰੀ: ਭ੍ਰਿਸ਼ਟਾਚਾਰ ਦੀ ਹੱਦ: ED ਦੇ ਛਾਪੇ ਦੌਰਾਨ ਅਧਿਕਾਰੀ ਨੇ ਖਿੜਕੀ...

ਭ੍ਰਿਸ਼ਟਾਚਾਰ ਦੀ ਹੱਦ: ED ਦੇ ਛਾਪੇ ਦੌਰਾਨ ਅਧਿਕਾਰੀ ਨੇ ਖਿੜਕੀ ਰਾਹੀਂ ਬਾਹਰ ਸੁੱਟੇ ਨੋਟਾਂ ਦੇ ਬੰਡਲ, ਕੂੜੇ ਵਿੱਚੋਂ ਮਿਲੇ ਲੱਖਾਂ ਰੁਪਏ

Admin User - Mar 14, 2026 11:14 AM
IMG

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਅਜੀਬੋ-ਗਰੀਬ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਅਧੀਨ ‘ਬਿਹਾਰ ਮੈਡੀਕਲ ਸਰਵਿਸਿਜ਼ ਐਂਡ ਇੰਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ’ (BMSICL) ਦੇ ਡਿਪਟੀ ਜਨਰਲ ਮੈਨੇਜਰ (DGM) ਪੰਕਜ ਕੁਮਾਰ ਦੇ ਟਿਕਾਣਿਆਂ 'ਤੇ ਜਦੋਂ ਖਾਸ ਨਿਗਰਾਨੀ ਇਕਾਈ (SUV) ਨੇ ਛਾਪਾ ਮਾਰਿਆ, ਤਾਂ ਅਧਿਕਾਰੀ ਨੇ ਫੜੇ ਜਾਣ ਦੇ ਡਰੋਂ ਨੋਟਾਂ ਦੇ ਬੰਡਲ ਖਿੜਕੀ ਰਾਹੀਂ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ।


ਜਾਂਚ ਟੀਮ ਜਿਵੇਂ ਹੀ ਪੰਕਜ ਕੁਮਾਰ ਦੇ ਕਦਮਕੁੰਆ ਸਥਿਤ ਅਪਾਰਟਮੈਂਟ ਵਿੱਚ ਦਾਖਲ ਹੋਈ, ਅਧਿਕਾਰੀ ਨੇ ਸਬੂਤ ਮਿਟਾਉਣ ਲਈ ਕੈਸ਼ ਬਾਹਰ ਸੁੱਟ ਦਿੱਤਾ। ਹਾਲਾਂਕਿ, ਚੌਕਸ ਟੀਮ ਨੇ ਕੂੜੇ ਦੇ ਢੇਰ ਵਿੱਚੋਂ 5 ਲੱਖ ਰੁਪਏ ਬਰਾਮਦ ਕਰ ਲਏ। ਤਲਾਸ਼ੀ ਦੌਰਾਨ ਕੁੱਲ 32 ਲੱਖ ਰੁਪਏ ਨਕਦ ਅਤੇ ₹1.32 ਕਰੋੜ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਜ਼ਮੀਨ-ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ।


ਮੁਲਜ਼ਮ ਪੰਕਜ ਕੁਮਾਰ ਮੂਲ ਰੂਪ ਵਿੱਚ ਮੁਜ਼ੱਫਰਪੁਰ ਦੇ ਕਾਂਟੀ ਇਲਾਕੇ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀ ਮੁਤਾਬਕ ਪੰਕਜ ਨੇ ਆਪਣੀ 11 ਸਾਲਾਂ ਦੀ ਸਰਕਾਰੀ ਸੇਵਾ ਦੌਰਾਨ ਵੱਖ-ਵੱਖ ਅਹੁਦਿਆਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਇਹ ਬੇਹਿਸਾਬ ਜਾਇਦਾਦ ਬਣਾਈ। SUV ਦਾ ਦੋਸ਼ ਹੈ ਕਿ ਪੰਕਜ ਕੁਮਾਰ ਨੇ ਭ੍ਰਿਸ਼ਟ ਤਰੀਕਿਆਂ ਨਾਲ ਆਪਣੀ ਕਾਨੂੰਨੀ ਆਮਦਨ ਨਾਲੋਂ 96 ਲੱਖ 46 ਹਜ਼ਾਰ ਰੁਪਏ ਤੋਂ ਵੱਧ ਦੀ ਵਾਧੂ ਜਾਇਦਾਦ ਇਕੱਠੀ ਕੀਤੀ ਹੈ।


ਜਦੋਂ SUV ਦੀ ਟੀਮ ਨੇ ਕਨਿਕਾ ਮੈਹਰ ਅਪਾਰਟਮੈਂਟ ਵਿੱਚ ਧਾਵਾ ਬੋਲਿਆ, ਤਾਂ DGM ਆਪਣੇ ਪੂਰੇ ਪਰਿਵਾਰ ਸਮੇਤ ਘਰ ਵਿੱਚ ਹੀ ਮੌਜੂਦ ਸੀ। ਅਚਾਨਕ ਹੋਈ ਇਸ ਕਾਰਵਾਈ ਨੇ ਪੂਰੇ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਜਾਂਚ ਏਜੰਸੀ ਨੇ ਅਧਿਕਾਰੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ (DA) ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੇ ਹੋਰ ਲੁਕਵੇਂ ਟਿਕਾਣਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।


ਇਹ ਘਟਨਾ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਡੂੰਘੀ ਜੜ੍ਹ ਨੂੰ ਦਰਸਾਉਂਦੀ ਹੈ, ਜਿੱਥੇ ਇੱਕ ਲੋਕ ਸੇਵਕ ਆਪਣੇ ਖ਼ਜ਼ਾਨੇ ਭਰਨ ਲਈ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.