ਤਾਜਾ ਖਬਰਾਂ
ਮਿਡਲ ਈਸਟ ਵਿੱਚ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ, ਜਿਸ ਦਾ ਪ੍ਰਤੱਖ ਅਤੇ ਅਪ੍ਰਤੱਖ ਅਸਰ ਹੁਣ ਪੂਰੀ ਦੁਨੀਆ 'ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵੀ ਇਸ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਰਿਹਾ। ਜੰਗ ਕਾਰਨ ਦੇਸ਼ ਵਿੱਚ ਰਸੋਈ ਗੈਸ (LPG) ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਲੋਕਾਂ ਨੂੰ 'ਪੈਨਿਕ ਬੁਕਿੰਗ' ਤੋਂ ਬਚਣ ਦੀ ਅਪੀਲ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਗੈਸ ਏਜੰਸੀਆਂ ਅਤੇ ਗੋਦਾਮਾਂ ਦੇ ਬਾਹਰ ਲੋਕਾਂ ਦੀਆਂ ਭਾਰੀ ਭੀੜਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਆਪਣੀਆਂ ਨੌਕਰੀਆਂ ਤੋਂ ਛੁੱਟੀ ਲੈ ਕੇ ਸਵੇਰ ਤੋਂ ਹੀ ਇੱਕ ਸਿਲੰਡਰ ਦੀ ਉਡੀਕ ਵਿੱਚ ਖੜ੍ਹੇ ਹਨ, ਪਰ ਕਈਆਂ ਨੂੰ ਸ਼ਾਮ ਤੱਕ ਖਾਲੀ ਹੱਥ ਪਰਤਣਾ ਪੈ ਰਿਹਾ ਹੈ।
ਸਿਲੰਡਰਾਂ ਦੀ ਕਾਲਾਬਾਜ਼ਾਰੀ ਅਤੇ ਜ਼ਖ਼ੀਰੇਬਾਜ਼ੀ ਨੂੰ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ 'ਤੇ ਹੈ। ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰਕੇ ਮਹਿੰਗੇ ਭਾਅ ਸਿਲੰਡਰ ਵੇਚਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਸੰਕਟ ਕਾਰਨ ਹੋਟਲ ਅਤੇ ਰੈਸਟੋਰੈਂਟ ਹੁਣ ਇੰਡਕਸ਼ਨ ਚੂਲਿਆਂ ਅਤੇ ਕੋਲੇ 'ਤੇ ਨਿਰਭਰ ਹੋਣ ਲਈ ਮਜ਼ਬੂਰ ਹੋ ਗਏ ਹਨ। ਮੁੰਬਈ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।
ਭੋਪਾਲ ਤੇ ਮੁੰਬਈ 'ਚ ਭਾਰੀ ਮਾਤਰਾ 'ਚ ਸਿਲੰਡਰ ਬਰਾਮਦ
ਭੋਪਾਲ (ਐੱਮ.ਪੀ.): ਪ੍ਰਸ਼ਾਸਨ ਨੇ ਇੱਕ ਬੰਦ ਪਈ ਗੈਸ ਏਜੰਸੀ 'ਤੇ ਛਾਪਾ ਮਾਰ ਕੇ 668 ਸਿਲੰਡਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 1574 ਅਣ-ਰਜਿਸਟਰਡ ਸਿਲੰਡਰ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਏਜੰਸੀ ਸੰਕਟ ਦੇ ਸਮੇਂ ਮਹਿੰਗੇ ਭਾਅ 'ਤੇ ਗੈਸ ਵੇਚ ਰਹੀ ਸੀ।
ਮੁੰਬਈ: ਆਰਥਿਕ ਰਾਜਧਾਨੀ ਮੁੰਬਈ ਵਿੱਚ ਵੀ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਵਰਲੀ ਇਲਾਕੇ ਵਿੱਚ ਰੇਡ ਦੌਰਾਨ ਭਾਰੀ ਮਾਤਰਾ ਵਿੱਚ ਘਰੇਲੂ ਅਤੇ ਕਮਰਸ਼ੀਅਲ ਸਿਲੰਡਰ ਜ਼ਬਤ ਕੀਤੇ ਗਏ। ਕਈ ਵੱਡੇ ਰੈਸਟੋਰੈਂਟ ਬੰਦ ਹੋ ਚੁੱਕੇ ਹਨ ਅਤੇ ਕਈ ਹੁਣ ਕੋਲੇ ਤੇ ਲੱਕੜ ਦੀ ਮਦਦ ਨਾਲ ਖਾਣਾ ਬਣਾ ਰਹੇ ਹਨ।
ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਹੈ। ਮੁਰਾਦਾਬਾਦ ਵਿੱਚ ਹੇਰਾਫੇਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇੱਕ ਗੈਸ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਨੋਇਡਾ ਵਿੱਚ ਵੀ ਸਿਲੰਡਰਾਂ ਲਈ ਹਾਹਾਕਾਰ ਮਚੀ ਹੋਈ ਹੈ।
ਛੱਤੀਸਗੜ੍ਹ ਵਿੱਚ ਸਰਕਾਰ ਨੇ 102 ਥਾਵਾਂ 'ਤੇ ਛਾਪੇਮਾਰੀ ਕਰਕੇ 741 ਸਿਲੰਡਰ ਜ਼ਬਤ ਕੀਤੇ ਹਨ। ਇਕੱਲੇ ਰਾਏਪੁਰ ਵਿੱਚ ਹੀ 392 ਸਿਲੰਡਰ ਫੜੇ ਗਏ ਹਨ। ਆਨਲਾਈਨ ਬੁਕਿੰਗ ਸਿਸਟਮ ਫੇਲ੍ਹ ਹੋਣ ਕਾਰਨ ਲੋਕ ਗੋਦਾਮਾਂ ਦੇ ਬਾਹਰ ਖੜ੍ਹੇ ਹੋਣ ਲਈ ਮਜ਼ਬੂਰ ਹਨ।
ਫਿਲਹਾਲ LPG ਦਾ ਇਹ ਸੰਕਟ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ, ਜਿਸ ਨੇ ਆਮ ਜਨਤਾ ਦੇ ਰਸੋਈ ਦੇ ਬਜਟ ਅਤੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
Get all latest content delivered to your email a few times a month.