ਤਾਜਾ ਖਬਰਾਂ
ਮਸ਼ਹੂਰ ਬਾਲੀਵੁੱਡ ਰੈਪਰ ਅਤੇ ਸਿੰਗਰ ਬਾਦਸ਼ਾਹ ਆਪਣੇ ਨਵੇਂ ਗੀਤ 'ਟਟੀਰੀ' (Tatiri) ਕਾਰਨ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਗੀਤ ਵਿੱਚ ਸਕੂਲੀ ਬੱਚਿਆਂ ਦੇ "ਗਲਤ ਚਿਤਰਣ" ਦਾ ਸਖ਼ਤ ਨੋਟਿਸ ਲੈਂਦਿਆਂ ਬਾਦਸ਼ਾਹ, ਵੀਡੀਓ ਨਿਰਦੇਸ਼ਕਾਂ ਅਤੇ ਪ੍ਰੋਡਕਸ਼ਨ ਹਾਊਸ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਕਮਿਸ਼ਨ ਅਨੁਸਾਰ, ਗੀਤ ਦੀ ਵੀਡੀਓ ਵਿੱਚ ਮਨੋਰੰਜਨ ਦੇ ਨਾਂ 'ਤੇ ਬੱਚਿਆਂ ਦੇ ਆਚਰਣ ਅਤੇ ਅਨੁਸ਼ਾਸਨ ਨਾਲ ਖਿਲਵਾੜ ਕੀਤਾ ਗਿਆ ਹੈ। ਮੁੱਖ ਇਤਰਾਜ਼ ਇਸ ਪ੍ਰਕਾਰ ਹਨ:
ਸਕੂਲ ਵਰਦੀ ਦੀ ਦੁਰਵਰਤੋਂ: ਵੀਡੀਓ ਵਿੱਚ ਕਲਾਕਾਰਾਂ ਨੂੰ ਸਕੂਲੀ ਵਰਦੀ ਵਿੱਚ ਦਿਖਾਇਆ ਗਿਆ ਹੈ, ਜਿਸ ਨਾਲ ਵਿੱਦਿਅਕ ਸੰਸਥਾ ਦੀ ਮਰਿਆਦਾ ਨੂੰ ਸੱਟ ਵੱਜੀ ਹੈ।
ਗੈਰ-ਅਨੁਸ਼ਾਸਨੀ ਵਿਵਹਾਰ: ਵੀਡੀਓ ਦੇ ਕੁਝ ਦ੍ਰਿਸ਼ਾਂ ਵਿੱਚ ਵਿਦਿਆਰਥਣਾਂ ਨੂੰ ਸਕੂਲ ਬੈਗ ਸੁੱਟਦੇ ਅਤੇ ਪੜ੍ਹਾਈ ਪ੍ਰਤੀ ਲਾਪਰਵਾਹ ਦਿਖਾਇਆ ਗਿਆ ਹੈ।
ਖ਼ਤਰਨਾਕ ਸਟੰਟ: ਚੱਲਦੀ ਬੱਸ ਵਿੱਚ ਨੱਚਣਾ ਅਤੇ ਹੁੜਦੰਗ ਮਚਾਉਣਾ ਬੱਚਿਆਂ ਲਈ ਗਲਤ ਮਿਸਾਲ ਪੈਦਾ ਕਰਦਾ ਹੈ। ਨਾਲ ਹੀ ਗੀਤ ਦੀ ਸ਼ਬਦਾਵਲੀ 'ਤੇ ਵੀ ਸਵਾਲ ਚੁੱਕੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਬਾਦਸ਼ਾਹ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ। ਬਾਦਸ਼ਾਹ ਸ਼ੁੱਕਰਵਾਰ ਨੂੰ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ, ਬਾਦਸ਼ਾਹ ਦੇ ਵਕੀਲਾਂ ਨੇ ਪੇਸ਼ੀ ਲਈ ਹੋਰ ਸਮਾਂ ਮੰਗਿਆ ਹੈ।
ਗੀਤ ਵਿੱਚ ਜੀਂਦ ਰੋਡਵੇਜ਼ ਦੀ ਬੱਸ ਅਤੇ ਨਰਵਾਣਾ ਦੇ ਇੱਕ ਸਰਕਾਰੀ ਸਕੂਲ ਦੇ ਦ੍ਰਿਸ਼ ਫਿਲਮਾਏ ਗਏ ਹਨ। ਸਬੰਧਤ ਵਿਭਾਗ ਦਾ ਦੋਸ਼ ਹੈ ਕਿ ਇਸ ਸ਼ੂਟਿੰਗ ਲਈ ਕੋਈ ਅਧਿਕਾਰਤ ਮਨਜ਼ੂਰੀ ਨਹੀਂ ਲਈ ਗਈ ਸੀ। ਗੀਤ ਦੇ ਰਿਲੀਜ਼ ਹੁੰਦੇ ਹੀ ਕਈ ਸਮਾਜਿਕ ਜਥੇਬੰਦੀਆਂ ਨੇ ਇਸ ਵਿੱਚ ਔਰਤਾਂ ਨੂੰ 'ਆਬਜੈਕਟੀਫਾਈ' ਕਰਨ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦੇ ਵਿਰੋਧ ਵਿੱਚ ਪੰਚਕੂਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਗੀਤ ਨੂੰ ਯੂਟਿਊਬ ਤੋਂ ਵੀ ਹਟਵਾ ਦਿੱਤਾ ਗਿਆ ਸੀ।
ਕਮਿਸ਼ਨ ਦਾ ਮੰਨਣਾ ਹੈ ਕਿ ਬਾਦਸ਼ਾਹ ਵਰਗੇ ਵੱਡੇ ਕਲਾਕਾਰ ਦੇ ਕਰੋੜਾਂ ਫਾਲੋਅਰਜ਼ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ। ਅਜਿਹੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਵਿਦਿਆਰਥੀਆਂ ਨੂੰ ਗਲਤ ਰਾਹ 'ਤੇ ਪਾ ਸਕਦੀ ਹੈ।
Get all latest content delivered to your email a few times a month.