ਤਾਜਾ ਖਬਰਾਂ
ਰਾਜਸਥਾਨ ਦੀ ਜੋਧਪੁਰ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਜੇਲ੍ਹ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਮਾਤ ਦਿੰਦਿਆਂ ਕੁਝ ਕੈਦੀਆਂ ਵੱਲੋਂ ਜੇਲ੍ਹ ਦੇ ਅੰਦਰ ਇਫਤਾਰ ਪਾਰਟੀ ਕਰਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਹਰਕਤ ਵਿੱਚ ਆਏ ਜੇਲ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਬੈਰਕਾਂ ਵਿੱਚੋਂ 11 ਮੋਬਾਈਲ ਫ਼ੋਨ ਜ਼ਬਤ ਕੀਤੇ ਹਨ।
ਤਸਵੀਰਾਂ ਵਾਇਰਲ ਹੋਣ ਮਗਰੋਂ ਮਚਿਆ ਹੜਕੰਪ
ਜਾਣਕਾਰੀ ਅਨੁਸਾਰ ਰਮਜ਼ਾਨ ਦੇ ਮਹੀਨੇ ਦੌਰਾਨ ਰੋਜ਼ਾ ਰੱਖਣ ਵਾਲੇ ਕੈਦੀਆਂ ਲਈ ਜੇਲ੍ਹ ਹੈੱਡਕੁਆਰਟਰ ਦੇ ਨਿਰਦੇਸ਼ਾਂ 'ਤੇ ਵੱਖ-ਵੱਖ ਬੈਰਕਾਂ ਵਿੱਚ ਇਫਤਾਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਕੁਝ ਕੈਦੀਆਂ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਮੋਬਾਈਲ ਫ਼ੋਨਾਂ ਰਾਹੀਂ ਪਾਰਟੀ ਦੀਆਂ ਫੋਟੋਆਂ ਖਿੱਚੀਆਂ ਅਤੇ ਉਨ੍ਹਾਂ ਨੂੰ ਇੰਟਰਨੈੱਟ 'ਤੇ ਅਪਲੋਡ ਕਰ ਦਿੱਤਾ। ਜਿਵੇਂ ਹੀ ਇਹ ਤਸਵੀਰਾਂ ਜੇਲ੍ਹ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚੀਆਂ, ਮਹਿਕਮੇ ਵਿੱਚ ਭਾਜੜ ਪੈ ਗਈ।
ਤਲਾਸ਼ੀ ਦੌਰਾਨ ਕੈਦੀਆਂ ਨੇ ਕੀਤਾ ਹੰਗਾਮਾ
ਜੇਲ੍ਹ ਸੁਪਰਡੈਂਟ ਪ੍ਰਦੀਪ ਲਖਾਵਤ ਦੀ ਅਗਵਾਈ ਹੇਠ ਜਦੋਂ ਪੁਲਿਸ ਟੀਮ ਨੇ ਬੈਰਕਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਕੈਦੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਕੈਦੀਆਂ ਨੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਿਆਂ ਕਾਫੀ ਹੰਗਾਮਾ ਕੀਤਾ, ਪਰ ਸੁਰੱਖਿਆ ਕਰਮੀਆਂ ਨੇ ਸਥਿਤੀ 'ਤੇ ਕਾਬੂ ਪਾ ਲਿਆ। ਡੂੰਘੀ ਛਾਣਬੀਣ ਦੌਰਾਨ ਲੁਕਾ ਕੇ ਰੱਖੇ ਗਏ 11 ਮੋਬਾਈਲ ਫ਼ੋਨ ਬਰਾਮਦ ਹੋਏ।
ਸਾਈਬਰ ਮਾਹਿਰ ਕਰਨਗੇ ਜਾਂਚ, ਜੇਲ੍ਹ ਮੁਲਾਜ਼ਮਾਂ 'ਤੇ ਵੀ ਲਟਕੀ ਤਲਵਾਰ
ਬਰਾਮਦ ਕੀਤੇ ਗਏ ਮੋਬਾਈਲਾਂ ਨੂੰ ਜਾਂਚ ਲਈ ਸਾਈਬਰ ਮਾਹਿਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਜਾਂਚ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਕੈਦੀ ਜੇਲ੍ਹ ਦੇ ਅੰਦਰੋਂ ਬਾਹਰ ਕਿਹੜੇ-ਕਿਹੜੇ ਲੋਕਾਂ ਅਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਸਨ।
ਸਭ ਤੋਂ ਵੱਡਾ ਸਵਾਲ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਉੱਠ ਰਿਹਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਮੋਬਾਈਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੇ? ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ, ਜਿਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.