ਤਾਜਾ ਖਬਰਾਂ
ਨੇਪਾਲ ਦੇ ਮੱਧ ਖੇਤਰ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਤੀਰਥ ਯਾਤਰੀਆਂ ਨਾਲ ਭਰੀ ਇੱਕ ਯਾਤਰੀ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ 7 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਪੁਲਿਸ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਨੇਪਾਲ ਦੇ ਗੰਡਕੀ ਸੂਬੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨਾਲ ਭਰੀ ਇਹ ਇਲੈਕਟ੍ਰਿਕ ਬੱਸ ਪ੍ਰਸਿੱਧ ਮਨਕਾਮਨਾ ਮੰਦਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੀ ਸੀ। ਜਿਵੇਂ ਹੀ ਬੱਸ ਗੋਰਖਾ ਜ਼ਿਲ੍ਹੇ ਦੇ ਇਲਾਕੇ ਵਿੱਚ ਪਹੁੰਚੀ, ਤਾਂ ਅਚਾਨਕ ਅਨਿਯੰਤਰਿਤ ਹੋ ਕੇ ਸੜਕ ਤੋਂ ਹੇਠਾਂ ਖਾਈ ਵਿੱਚ ਪਲਟ ਗਈ। ਜ਼ਿਲ੍ਹਾ ਟ੍ਰੈਫਿਕ ਪੁਲਿਸ ਮੁਖੀ ਸੂਰਜ ਆਰਿਆਲ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਵਿੱਚ 2 ਮਹਿਲਾਵਾਂ ਅਤੇ 5 ਪੁਰਸ਼ ਸ਼ਾਮਲ ਹਨ ਅਤੇ ਇਹ ਸਾਰੇ ਭਾਰਤੀ ਨਾਗਰਿਕ ਸਨ।
ਜ਼ਿਲ੍ਹਾ ਪੁਲਿਸ ਦਫ਼ਤਰ ਦੇ ਮੁਖੀ ਭਰਤ ਬਹਾਦਰ ਬੀ.ਕੇ. ਅਨੁਸਾਰ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
ਮੁਥੂ ਕੁਮਾਰ (58), ਅਨਾਮਲਿਕ (58), ਮੀਨਾਕਸ਼ੀ (59), ਸ਼ਿਵਗਾਮੀ (53), ਵਿਜੈਲ (57), ਮੀਨਾ (58), ਤਮਿਲਾਰਸੀ (60)
'ਕਾਠਮੰਡੂ ਪੋਸਟ' ਦੀ ਰਿਪੋਰਟ ਮੁਤਾਬਕ ਖਾਈ ਵਿੱਚੋਂ 7 ਹੋਰ ਜ਼ਖਮੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਅੰਬੂਖੈਰੇਨੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੱਸ ਦਾ ਡਰਾਈਵਰ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ ਹੈ, ਜਦਕਿ ਉਸ ਦਾ ਸਹਾਇਕ ਜ਼ਖਮੀ ਹੋ ਗਿਆ ਹੈ।
ਨੇਪਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਦੂਤਾਵਾਸ ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਮ੍ਰਿਤਕ ਦੇਹਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
Get all latest content delivered to your email a few times a month.