ਤਾਜਾ ਖਬਰਾਂ
ਮੱਧ ਪੂਰਬ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਹੁਣ 16ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਇਸ ਦਰਮਿਆਨ ਈਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ (UAE) ਦੇ ਦੁਬਈ ਸ਼ਹਿਰ ਦੇ ਮਰੀਨਾ ਅਤੇ ਅਲ ਸੁਫੂਹ ਖੇਤਰਾਂ ਵੱਲ ਮਿਸਾਈਲਾਂ ਦਾਗੀਆਂ ਗਈਆਂ, ਜਿਸ ਕਾਰਨ ਇਲਾਕੇ ਵਿੱਚ ਸ਼ਕਤੀਸ਼ਾਲੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਹਮਲੇ ਤੋਂ ਬਾਅਦ ਫੁਜੈਰਾਹ ਤੇਲ ਟਰਮੀਨਲ ‘ਤੇ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ।
ਇਸ ਦੇ ਨਾਲ ਹੀ ਈਰਾਨ ਵੱਲੋਂ ਕੁਵੈਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਖਾੜੀ ਖੇਤਰ ਵਿੱਚ ਵਧ ਰਹੇ ਤਣਾਅ ਕਾਰਨ ਸਾਊਦੀ ਅਰਬ ਅਤੇ ਕਤਰ ਵਿੱਚ ਵੀ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਈਰਾਨ ਨੇ ਹਿਜ਼ਬੁੱਲਾ ਦੇ ਸਹਿਯੋਗ ਨਾਲ ਇਜ਼ਰਾਈਲ ‘ਤੇ ਜਵਾਬੀ ਕਾਰਵਾਈ ਕਰਦਿਆਂ ਮਿਸਾਈਲਾਂ ਦਾਗੀਆਂ। ਇਸ ਦੌਰਾਨ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ‘ਤੇ ਵੀ ਦੂਜੀ ਵਾਰ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਈਰਾਨ ਦੀ ਇਨਕਲਾਬੀ ਗਾਰਡ ਕੋਰ (IRGC) ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਸ਼ਾਨਾ ਬਣਾਉਣ ਦੀ ਕਸਮ ਖਾਂਦਿਆਂ ਕਿਹਾ ਹੈ ਕਿ ਉਹ ਉਸਦਾ ਪਿੱਛਾ ਕਰਦੇ ਰਹਿਣਗੇ। ਈਰਾਨੀ ਫੌਜੀ ਸੰਗਠਨ ਨੇ ਨੇਤਨਯਾਹੂ ਨੂੰ “ਬੱਚਿਆਂ ਦਾ ਕਾਤਲ” ਕਹਿੰਦੇ ਹੋਏ ਕਿਹਾ ਕਿ ਜਦ ਤੱਕ ਉਹ ਜ਼ਿੰਦਾ ਹੈ, ਉਸਨੂੰ ਛੱਡਿਆ ਨਹੀਂ ਜਾਵੇਗਾ।
ਉਧਰ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਿਆਦ ਅਤੇ ਦੇਸ਼ ਦੇ ਪੂਰਬੀ ਖੇਤਰਾਂ ਵਿੱਚ ਆ ਰਹੇ 10 ਡਰੋਨਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਤਬਾਹ ਕਰ ਦਿੱਤਾ ਗਿਆ। ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਵੀ ਦਾਅਵਾ ਕੀਤਾ ਹੈ ਕਿ ਉਸਦੀ ਹਵਾਈ ਸੈਨਾ ਨੇ ਈਰਾਨ ਵੱਲੋਂ ਆ ਰਹੀਆਂ ਬੈਲਿਸਟਿਕ ਮਿਸਾਈਲਾਂ ਅਤੇ ਆਤਮਘਾਤੀ ਡਰੋਨਾਂ ਨੂੰ ਰੋਕ ਕੇ ਨਸ਼ਟ ਕਰ ਦਿੱਤਾ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਇਸ ਤਣਾਅਪੂਰਨ ਹਾਲਾਤ ਦਾ ਅਸਰ ਹਵਾਈ ਸੇਵਾਵਾਂ ‘ਤੇ ਵੀ ਪਿਆ ਹੈ। ਯੂਏਈ ਦੇ ਹਵਾਈ ਅੱਡਿਆਂ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। 15 ਮਾਰਚ 2026 ਲਈ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਦੁਬਈ ਲਈ 11 ਵਿੱਚੋਂ 9 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਦਿੱਲੀ-ਦੁਬਈ ਰੂਟ ‘ਤੇ ਕੇਵਲ ਇੱਕ-ਇੱਕ ਰਿਟਰਨ ਫਲਾਈਟ ਚਲਾਈ ਜਾਵੇਗੀ। ਇਸ ਤੋਂ ਇਲਾਵਾ ਆਬੂ ਧਾਬੀ ਲਈ ਏਅਰ ਇੰਡੀਆ ਐਕਸਪ੍ਰੈਸ ਦੀਆਂ ਪੰਜੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਹਾਲਾਂਕਿ ਸ਼ਾਰਜਾਹ ਅਤੇ ਰਾਸ ਅਲ ਖੈਮਾਹ ਤੋਂ ਦਿੱਲੀ, ਕੋਚੀ ਅਤੇ ਮੁੰਬਈ ਸਮੇਤ ਕੁਝ ਸ਼ਹਿਰਾਂ ਲਈ ਉਡਾਣਾਂ ਹਾਲਾਤ ਦੇ ਅਨੁਸਾਰ ਜਾਰੀ ਰਹਿ ਸਕਦੀਆਂ ਹਨ।
ਯਾਦ ਰਹੇ ਕਿ 28 ਫਰਵਰੀ 2026 ਨੂੰ ਸ਼ੁਰੂ ਹੋਇਆ ਇਹ ਸੰਘਰਸ਼ ਲਗਾਤਾਰ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਜੰਗ ਦੇ ਦੌਰਾਨ ਹੁਣ ਤੱਕ ਇਕੱਲੇ ਈਰਾਨ ਵਿੱਚ ਹੀ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮੱਧ ਪੂਰਬ ਵਿੱਚ ਸਥਿਤੀ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ।
Get all latest content delivered to your email a few times a month.