ਤਾਜਾ ਖਬਰਾਂ
ਹਲਕਾ ਡੇਰਾ ਬਾਬਾ ਨਾਨਕ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਜਾਰੀ ਸੀ। ਕੁਝ ਦਿਨ ਪਹਿਲਾਂ ਬਲਾਕ ਸੰਮਤੀ ਮੈਂਬਰਾਂ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿੱਚ ਕੁੱਲ 19 ਮੈਂਬਰ ਜਿੱਤ ਕੇ ਸਾਹਮਣੇ ਆਏ ਸਨ। ਚੇਅਰਮੈਨ ਦੀ ਚੋਣ 5 ਮਾਰਚ ਨੂੰ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਇਹ ਚੋਣ ਉਸ ਦਿਨ ਨਹੀਂ ਹੋ ਸਕੀ।
ਇਸ ਮਾਮਲੇ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਸਮੇਤ ਕੁਝ ਹੋਰ ਮੈਂਬਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਇਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ 17 ਮਾਰਚ ਨੂੰ ਡਿਪਟੀ ਕਮਿਸ਼ਨਰ ਅਤੇ ਕਾਨੂੰਨੀ ਟੀਮ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫੀ ਦੇ ਨਾਲ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ।
ਚੇਅਰਮੈਨ ਦੀ ਚੋਣ ਲਈ ਦੋ ਉਮੀਦਵਾਰ ਮੈਦਾਨ ਵਿੱਚ ਸਨ। ਇੱਕ ਪਾਸੇ ਆਜ਼ਾਦ ਉਮੀਦਵਾਰ ਵਜੋਂ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਸਨ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੇਸ਼ਮ ਸਿੰਘ ਪੱਡਾ ਸਨ। ਰਾਜਵਿੰਦਰ ਕੌਰ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਹਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਭਾਰੀ ਪੁਲਿਸ ਸੁਰੱਖਿਆ ਵਿੱਚ ਤਹਿਸੀਲ ਕੰਪਲੈਕਸ ਡੇਰਾ ਬਾਬਾ ਨਾਨਕ ਲਿਆਂਦਾ ਗਿਆ, ਜਿੱਥੇ ਚੇਅਰਮੈਨ ਦੀ ਚੋਣ ਕਰਵਾਈ ਗਈ।
ਚੋਣ ਦੌਰਾਨ ਕੁੱਲ 19 ਮੈਂਬਰਾਂ ਨੇ ਵੋਟ ਪਾਈ। ਇਸ ਵਿੱਚ ਰਾਜਵਿੰਦਰ ਕੌਰ ਨੂੰ 11 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੇਸ਼ਮ ਸਿੰਘ ਪੱਡਾ ਨੂੰ 8 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਰਾਜਵਿੰਦਰ ਕੌਰ ਬਹੁਮਤ ਨਾਲ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਨਵੀਂ ਚੇਅਰਮੈਨ ਚੁਣੀ ਗਈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਰਜਵੰਤ ਕੌਰ ਧਾਰੋਵਾਲੀ ਨੂੰ ਉਪ-ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੌਕੇ 'ਤੇ ਮੌਜੂਦ ਵਕੀਲਾਂ ਅਤੇ ਐਸਡੀਐਮ ਡੇਰਾ ਬਾਬਾ ਨਾਨਕ ਅਦਿਤਿਆ ਸ਼ਰਮਾ ਨੇ ਦੱਸਿਆ ਕਿ ਚੋਣ ਦੀ ਪੂਰੀ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ ਅਤੇ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਹਾਈਕੋਰਟ ਵੱਲੋਂ ਨਿਯੁਕਤ ਕੀਤੇ ਵਕੀਲਾਂ ਨੇ ਵੀ ਚੋਣ ਪ੍ਰਕਿਰਿਆ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਚੋਣ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਹੋਈ ਹੈ। ਉਨ੍ਹਾਂ ਵੱਲੋਂ ਇਸ ਲਈ ਮਾਨਯੋਗ ਹਾਈਕੋਰਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਗਿਆ।
Get all latest content delivered to your email a few times a month.