ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਨੂੰ ਖਾਸ ਬਣਾਉਂਦਿਆਂ ਯੂਪੀਐਸਸੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿੱਚੋਂ ਯੂਪੀਐਸਸੀ ਕਲੀਅਰ ਕਰਨ ਵਾਲੇ ਉਮੀਦਵਾਰਾਂ ਨੂੰ ਵਿਧਾਨ ਸਭਾ ਇਜਲਾਸ ਦੇਖਣ ਲਈ ਖ਼ਾਸ ਸੱਦਾ ਦਿੱਤਾ ਗਿਆ ਸੀ।
ਇਸ ਸਮਾਗਮ ਦੌਰਾਨ ਮੋਹਾਲੀ ਦੀ ਰਹਿਣ ਵਾਲੀ ਕ੍ਰਿਤਿਕਾ ਚੌਧਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕ੍ਰਿਤਿਕਾ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਿਧਾਨ ਸਭਾ ਵਿੱਚ ਪਹੁੰਚੀ, ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਧਾਨ ਸਭਾ ਵਿੱਚ ਮੌਜੂਦ ਕਈ ਸਿਆਸੀ ਆਗੂਆਂ ਅਤੇ ਮੰਤਰੀਆਂ ਨੇ ਵੀ ਕ੍ਰਿਤਿਕਾ ਚੌਧਰੀ ਦੀ ਇਸ ਕਾਮਯਾਬੀ ‘ਤੇ ਖੁਸ਼ੀ ਜ਼ਾਹਰ ਕੀਤੀ। ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਗੁਰਮੀਤ ਸਿੰਘ ਖੁਡੀਆਂ ਨੇ ਵੀ ਕ੍ਰਿਤਿਕਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਜ਼ਿਕਰਯੋਗ ਹੈ ਕਿ ਕ੍ਰਿਤਿਕਾ ਚੌਧਰੀ ਨੇ ਯੂਪੀਐਸਸੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 312ਵਾਂ ਰੈਂਕ ਹਾਸਲ ਕੀਤਾ ਹੈ। ਉਸਦੀ ਇਸ ਸਫਲਤਾ ਨਾਲ ਨਾ ਸਿਰਫ਼ ਉਸਦਾ ਪਰਿਵਾਰ, ਸਗੋਂ ਪੂਰਾ ਗੁੱਜਰ ਭਾਈਚਾਰਾ ਵੀ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਵੱਖ-ਵੱਖ ਪੱਖਾਂ ਤੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਕ੍ਰਿਤਿਕਾ ਦੇ ਪਿਤਾ ਰਾਜੀਵ ਚੌਧਰੀ, ਜੋ ਕਿ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਹਨ, ਵੀ ਮੌਜੂਦ ਸਨ। ਉਨ੍ਹਾਂ ਦੇ ਨਾਲ ਕ੍ਰਿਤਿਕਾ ਦੀ ਮਾਤਾ ਦਰਸ਼ਨਾ ਕੁਮਾਰੀ, ਭਰਾ ਆਸ਼ੂਤੋਸ਼ ਗੁੱਜਰ ਅਤੇ ਭਾਬੀ ਦੀਕਸ਼ਾ ਚੌਧਰੀ ਵੀ ਇਸ ਮੌਕੇ ‘ਤੇ ਵਿਧਾਨ ਸਭਾ ਵਿੱਚ ਹਾਜ਼ਰ ਰਹੇ।
ਇਹ ਸਮਾਗਮ ਨਾ ਸਿਰਫ਼ ਕ੍ਰਿਤਿਕਾ ਚੌਧਰੀ ਲਈ ਮਾਣ ਵਾਲਾ ਪਲ ਸੀ, ਸਗੋਂ ਪੰਜਾਬ ਦੇ ਹੋਰ ਨੌਜਵਾਨਾਂ ਲਈ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਬਣਿਆ।
Get all latest content delivered to your email a few times a month.