ਤਾਜਾ ਖਬਰਾਂ
ਮਾਲਦੀਵ ਦੇ ਨੀਲੇ ਸਮੁੰਦਰ ਵਿੱਚ ਸੈਰ-ਸਪਾਟੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਰੇਮੰਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (MD) ਗੌਤਮ ਸਿੰਘਾਨੀਆ ਇੱਕ ਤੇਜ਼ ਰਫ਼ਤਾਰ ਸਪੀਡਬੋਟ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਦਰਦਨਾਕ ਘਟਨਾ ਵਿੱਚ ਸਿੰਘਾਨੀਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਏਅਰਲਿਫਟ ਕਰਕੇ ਇਲਾਜ ਲਈ ਮੁੰਬਈ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੈਲਾਨੀਆਂ ਨਾਲ ਭਰੀ ਇੱਕ ਸਪੀਡਬੋਟ ਅਚਾਨਕ ਸੰਤੁਲਨ ਵਿਗੜਨ ਕਾਰਨ ਸਮੁੰਦਰ ਵਿੱਚ ਪਲਟ ਗਈ। ਕਿਸ਼ਤੀ ਵਿੱਚ ਕੁੱਲ 7 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਹੋਣ ਵਾਲਿਆਂ ਵਿੱਚ ਇੱਕ ਰੂਸੀ ਮਹਿਲਾ ਅਤੇ ਚਾਰ ਭਾਰਤੀ ਪੁਰਸ਼ ਸ਼ਾਮਲ ਹਨ।
ਇਸ ਹਾਦਸੇ ਨੇ ਖੇਡ ਜਗਤ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ, ਕਿਉਂਕਿ ਲਾਪਤਾ ਭਾਰਤੀਆਂ ਵਿੱਚ ਦੇਸ਼ ਦੇ ਮਸ਼ਹੂਰ ਰੈਲੀ ਡਰਾਈਵਰ ਹਰੀ ਸਿੰਘ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ, ਬੈਂਗਲੁਰੂ ਦੇ ਰਹਿਣ ਵਾਲੇ ਇੱਕ ਹੋਰ ਯਾਤਰੀ ਮਨਿਕ ਭੀਮਸੇਨ ਭਾਰਦਵਾਜ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ।
ਮਾਲਦੀਵ ਪ੍ਰਸ਼ਾਸਨ ਅਤੇ ਤੱਟ ਰੱਖਿਅਕ ਬਲਾਂ ਵੱਲੋਂ ਸਮੁੰਦਰ ਦੀਆਂ ਲਹਿਰਾਂ ਵਿੱਚ ਲਾਪਤਾ ਹੋਏ ਲੋਕਾਂ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਮੁੰਬਈ ਵਿੱਚ ਗੌਤਮ ਸਿੰਘਾਨੀਆ ਦੀ ਹਾਲਤ 'ਤੇ ਡਾਕਟਰ ਲਗਾਤਾਰ ਨਜ਼ਰ ਰੱਖ ਰਹੇ ਹਨ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹਾਦਸਾ ਮੌਸਮ ਦੀ ਖਰਾਬੀ ਕਾਰਨ ਵਾਪਰਿਆ ਜਾਂ ਕਿਸ਼ਤੀ ਦੀ ਤੇਜ਼ ਰਫ਼ਤਾਰ ਕਾਰਨ।
Get all latest content delivered to your email a few times a month.