ਤਾਜਾ ਖਬਰਾਂ
ਕੈਨੇਡਾ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਭਾਰਤੀ ਮੂਲ ਦੇ ਨੌਜਵਾਨਾਂ ਵਿੱਚ ਸ਼ਾਰਟਕੱਟ ਰਸਤੇ ਅਪਣਾ ਕੇ ਅਪਰਾਧ ਦੀ ਦੁਨੀਆ ਵਿੱਚ ਨਾਮ ਬਣਾਉਣ ਦਾ ਜਨੂਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਮਿਸੀਸਾਗਾ ਅਤੇ ਕੈਲੇਡਨ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਛੋਟੇ ਮੋਟੇ ਅਪਰਾਧੀ ਵੀ ਆਪਣੇ ਸੁਤੰਤਰ ਗੈਂਗ ਸਥਾਪਤ ਕਰਨ ਦੀ ਕੋਸ਼ਿਸ਼ ਵਿੱਚ ਹਨ।
ਕੈਲਗਰੀ ਦੇ ਮੀਡੋ ਰਿਜ਼ ਰੋਡ 'ਤੇ ਸਥਿਤ 'ਮਲਵਾ ਟਾਇਰ' ਦੇ ਮਾਲਕ ਹਰਪ੍ਰੀਤ ਬਰਾੜ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਕੁਲਬੀਰ ਸਿੰਘ ਸਿੱਧੂ ਨਾਮ ਦੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਲਈ ਹੈ। ਸਿੱਧੂ ਨੇ ਪੋਸਟ ਵਿੱਚ ਲਿਖਿਆ:
"ਅੱਜ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਪਹਿਲਾਂ ਵੀ ਦੋ ਵਾਰ ਗੋਲੀਆਂ ਮੈਂ ਹੀ ਚਲਵਾਈਆਂ ਸਨ। ਜੇਕਰ ਹੁਣ ਵੀ ਗੱਲ ਨਾ ਮੰਨੀ ਗਈ ਤਾਂ ਅਗਲੀ ਗੋਲੀ ਸਿੱਧੀ ਸਿਰ ਵਿੱਚ ਮਾਰੀ ਜਾਵੇਗੀ।"
ਇਸ ਦੇ ਨਾਲ ਹੀ ਉਸਨੇ ਚੰਡੀਗੜ੍ਹ ਦੇ ਚੀਨੀ ਕੁਬਾਹੇਰੀ ਕਤਲ ਕੇਸ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਇਸ ਨੂੰ ਮਹਿਜ਼ ਇੱਕ ਅਫ਼ਵਾਹ ਕਰਾਰ ਦਿੱਤਾ।
ਦੂਜੀ ਘਟਨਾ ਮਿਸੀਸਾਗਾ ਦੇ 'ਚਾਹ-ਚੂਰੀ' ਰੈਸਟੋਰੈਂਟ (ਏਅਰਪੋਰਟ ਰੋਡ) ਅਤੇ ਕੈਲੇਡਨ ਵਿੱਚ 'ਕੈਰੀ ਟਰਾਂਸਪੋਰਟ' ਦੇ ਮਾਲਕ ਦੇ ਘਰ 'ਤੇ ਵਾਪਰੀ। ਇੱਥੇ ਵੀ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਦੀ ਜ਼ਿੰਮੇਵਾਰੀ ਬਰੈਂਪਟਨ ਦੇ ਮੰਨਾ ਗਿੱਲ ਅਤੇ ਉਸ ਦੇ ਸਾਥੀ 'ਬੌਸ ਯੂਰਪ' ਨੇ ਲਈ ਹੈ।
ਮੰਨਾ ਗਿੱਲ ਨੇ ਸੋਸ਼ਲ ਮੀਡੀਆ 'ਤੇ ਧਮਕੀ ਭਰੀ ਪੋਸਟ ਪਾਉਂਦਿਆਂ ਲਿਖਿਆ ਕਿ ਜੋ ਵੀ ਉਨ੍ਹਾਂ ਦੇ ਫ਼ੋਨ ਜਾਂ ਮੈਸੇਜ ਨੂੰ ਨਜ਼ਰਅੰਦਾਜ਼ ਕਰੇਗਾ, ਉਸ ਦਾ ਬੁਰਾ ਹਾਲ ਕੀਤਾ ਜਾਵੇਗਾ। ਉਸਨੇ ਲਿਖਿਆ, "ਅਸੀਂ ਕਿਸੇ ਤੋਂ ਨਹੀਂ ਡਰਦੇ, ਘਰ ਵਿੱਚ ਵੜ ਕੇ ਸਿੱਧਾ ਨਤੀਜਾ ਦਿਆਂਗੇ। ਵੇਟ ਐਂਡ ਵਾਚ।" ਇਸ ਪੋਸਟ ਵਿੱਚ ਮੰਦੀਪ ਸਪੇਨ, ਸ਼ੇਰਾ ਸੰਧੂ ਆਸਟ੍ਰੇਲੀਆ ਅਤੇ ਜੱਗਾ ਆਸਟ੍ਰੇਲੀਆ ਵਰਗੇ ਹੈਸ਼ਟੈਗਸ ਦੀ ਵਰਤੋਂ ਕੀਤੀ ਗਈ ਹੈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡੀਅਨ ਪੁਲਿਸ (RCMP) ਦੀ ਚਿੰਤਾ ਵਧ ਗਈ ਹੈ। ਸੋਸ਼ਲ ਮੀਡੀਆ ਰਾਹੀਂ ਖੁੱਲ੍ਹੇਆਮ ਜ਼ਿੰਮੇਵਾਰੀ ਲੈਣਾ ਅਤੇ ਧਮਕੀਆਂ ਦੇਣਾ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਨੌਜਵਾਨਾਂ ਦੇ ਨੈੱਟਵਰਕ ਨੂੰ ਖੰਗਾਲਿਆ ਜਾ ਰਿਹਾ ਹੈ।
Get all latest content delivered to your email a few times a month.