ਤਾਜਾ ਖਬਰਾਂ
ਹਰਿਆਣਾ ਦੇ ਪੰਚਕੂਲਾ ਨਗਰ ਨਿਗਮ ਵਿੱਚ ਹੋਏ ਕਰੀਬ 160 ਕਰੋੜ ਰੁਪਏ ਦੇ ਵੱਡੇ ਵਿੱਤੀ ਘਪਲੇ ਵਿੱਚ ਐਂਟੀ ਕੁਰੱਪਸ਼ਨ ਬਿਊਰੋ (ACB) ਨੇ ਪਹਿਲੀ ਸਫ਼ਲਤਾ ਹਾਸਲ ਕੀਤੀ ਹੈ। ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦਿਆਂ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਦਲੀਪ ਕੁਮਾਰ ਰਾਘਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਲੀਪ 'ਤੇ ਦੋਸ਼ ਹੈ ਕਿ ਉਸਨੇ ਮੁੱਖ ਮੁਲਜ਼ਮਾਂ ਨਾਲ ਮਿਲ ਕੇ ਨਗਰ ਨਿਗਮ ਦੇ ਪੈਸੇ ਨੂੰ ਫ਼ਰਜ਼ੀ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ।
ਇਸ ਵੱਡੇ ਘਪਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਨਗਰ ਨਿਗਮ ਨੇ ਆਪਣੀ ਇੱਕ 58 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ (FD) ਮੈਚਿਊਰ ਹੋਣ 'ਤੇ ਰਕਮ ਖਾਤੇ ਵਿੱਚ ਟ੍ਰਾਂਸਫਰ ਕਰਨੀ ਚਾਹੀ। ਬੈਂਕ ਦੀ ਸਟੇਟਮੈਂਟ ਵਿੱਚ ਤਾਂ ਪੈਸਾ ਟ੍ਰਾਂਸਫਰ ਦਿਖਾਇਆ ਗਿਆ, ਪਰ ਅਸਲ ਵਿੱਚ ਨਿਗਮ ਦੇ ਖਾਤੇ ਵਿੱਚ ਇੱਕ ਰੁਪਿਆ ਵੀ ਨਹੀਂ ਪਹੁੰਚਿਆ। ਜਦੋਂ ਅਧਿਕਾਰੀਆਂ ਨੇ ਸ਼ੱਕ ਪੈਣ 'ਤੇ ਬਾਕੀ ਐੱਫ.ਡੀਜ਼ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਬੈਂਕ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਐੱਫ.ਡੀਜ਼ ਫ਼ਰਜ਼ੀ ਸਨ ਅਤੇ ਖ਼ਜ਼ਾਨੇ ਵਿੱਚੋਂ ਰਕਮ ਗਾਇਬ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਾਜ਼ਮ ਦਲੀਪ ਕੁਮਾਰ ਨਗਰ ਨਿਗਮ ਨੂੰ ਐੱਫ.ਡੀ. ਨਾਲ ਸਬੰਧਤ ਝੂਠੀਆਂ ਰਿਪੋਰਟਾਂ ਭੇਜਦਾ ਰਿਹਾ ਸੀ। ਬੈਂਕ ਮੁਲਾਜ਼ਮਾਂ ਨੇ ਮਿਲ ਕੇ ਫ਼ਰਜ਼ੀ ਕਾਗਜ਼ਾਂ ਦੇ ਸਹਾਰੇ ਨਿਗਮ ਦੇ ਕਰੋੜਾਂ ਰੁਪਏ ਅਸਲ ਖਾਤਿਆਂ ਦੀ ਬਜਾਏ ਹੋਰ ਫ਼ਰਜ਼ੀ ਖਾਤਿਆਂ ਵਿੱਚ ਭੇਜ ਦਿੱਤੇ ਸਨ। ਨਿਗਮ ਪ੍ਰਸ਼ਾਸਨ ਨੇ ਹੁਣ ਇਸ ਮਾਮਲੇ ਵਿੱਚ ਬੈਂਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ FIR ਦਰਜ ਕਰਵਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
ਐਂਟੀ ਕੁਰੱਪਸ਼ਨ ਬਿਊਰੋ ਦੀ ਇਸ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਬੈਂਕ ਦੇ ਹੋਰ ਉੱਚ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਕੁਝ ਭੇਤੀਆਂ 'ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਵਿਜੀਲੈਂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 160 ਕਰੋੜ ਦੀ ਇਹ ਵੱਡੀ ਰਕਮ ਅੱਗੇ ਕਿੱਥੇ-ਕਿੱਥੇ ਟ੍ਰਾਂਸਫਰ ਕੀਤੀ ਗਈ ਅਤੇ ਇਸ ਵਿੱਚ ਕਿਹੜੇ ਸਿਆਸੀ ਜਾਂ ਪ੍ਰਸ਼ਾਸਨਿਕ ਲੋਕ ਸ਼ਾਮਲ ਹਨ।
Get all latest content delivered to your email a few times a month.