ਤਾਜਾ ਖਬਰਾਂ
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਚੰਡੀਗੜ੍ਹ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਇੱਕ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਅਮਲੋਹ-ਪਾਤੜਾ ਰੋਡ ਤੋਂ ਕੀਤੀ ਗਈ ਹੈ।
ਪੁਲਿਸ ਮੁਤਾਬਕ ਫੜਿਆ ਗਿਆ ਦੋਸ਼ੀ ਜਸਪ੍ਰੀਤ ਸਿੰਘ, ਜੋ ਕਿ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਨੇ ਇਹ ਹਮਲਾ ਗੈਂਗਸਟਰ ਡੋਨੀ ਬਲ ਅਤੇ ਬੰਬੀਹਾ ਗੈਂਗ ਦੇ ਹੁਕਮਾਂ ‘ਤੇ ਕੀਤਾ ਸੀ। ਹਮਲੇ ਦਾ ਨਿਸ਼ਾਨਾ SOPU ਦੇ ਆਗੂ ਜਸ਼ਨਪ੍ਰੀਤ ਜਵੰਦਾ ਸਨ, ਜਿਨ੍ਹਾਂ ‘ਤੇ ਯੂਨੀਵਰਸਿਟੀ ਕੈਂਪਸ ਵਿੱਚ ਫਾਇਰਿੰਗ ਕੀਤੀ ਗਈ ਸੀ।
ਘਟਨਾ ਦੌਰਾਨ, ਜਸ਼ਨਪ੍ਰੀਤ ਜਵੰਦਾ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਮੌਜੂਦ ਸਨ, ਜਦੋਂ ਦੋ ਨੌਜਵਾਨ ਸਕੂਟੀ ‘ਤੇ ਉੱਥੇ ਪਹੁੰਚੇ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਦੋ ਰਾਊਂਡ ਫਾਇਰ ਹੋਣ ਦੇ ਬਾਵਜੂਦ, ਜਵੰਦਾ ਨੇ ਸਮੇਂ ਸਿਰ ਦੌੜ ਕੇ ਆਪਣੀ ਜਾਨ ਬਚਾ ਲਈ। ਹਮਲਾਵਰ ਵਾਰਦਾਤ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਸਨ।
ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਦੌਰਾਨ ਗੋਲੀਆਂ ਦੇ ਦੋ ਖਾਲੀ ਖੋਲ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਸੰਬੰਧਿਤ ਲੋਕਾਂ ਦੀ ਪਛਾਣ ਕਰਕੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇਗਾ।
Get all latest content delivered to your email a few times a month.