IMG-LOGO
ਹੋਮ ਪੰਜਾਬ, ਹਰਿਆਣਾ, ਸੀਬੀਆਈ ਜਾਂਚ ‘ਤੇ ਕੇਂਦਰ ਨੂੰ ਵੜਿੰਗ ਦਾ ਸਵਾਲ, ਹਾਈ ਕੋਰਟ...

ਸੀਬੀਆਈ ਜਾਂਚ ‘ਤੇ ਕੇਂਦਰ ਨੂੰ ਵੜਿੰਗ ਦਾ ਸਵਾਲ, ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ

Admin User - Mar 26, 2026 07:43 PM
IMG

ਚੰਡੀਗੜ੍ਹ, 25 ਮਾਰਚ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਕੀਤਾ ਹੈ ਕਿ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਆਤਮ ਹੱਤਿਆ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਆਦੇਸ਼ ਦੇਣ ਤੋਂ ਕੇਂਦਰ ਸਰਕਾਰ ਨੂੰ ਕੌਣ ਰੋਕ ਰਿਹਾ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਸੀਬੀਆਈ ਜਾਂਚ ਦੇ ਵਿਰੋਧੀ ਨਹੀਂ ਹਨ, ਲੇਕਿਨ ਉਹਨਾਂ ਦੀ ਮੰਗ ਹੈ ਕਿ ਕੋਈ ਵੀ ਜਾਂਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਅਜਿਹੇ ਦਾਅਵਿਆਂ ਨੂੰ ਖਾਰਜ ਕੀਤਾ ਕਿ ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿੱਜੀ ਤੌਰ ‘ਤੇ ਉਹ ਮੰਨਦੇ ਹਨ ਕਿ ਕਈ ਵਾਰ ਸੀਬੀਆਈ ਜਾਂਚ ਵੀ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹੁੰਦੀ ਹੈ, ਕਿਉਂਕਿ ਕਈ ਮਾਮਲਿਆਂ ਵਿੱਚ ਏਜੰਸੀ ਕੇਸਾਂ ਨੂੰ ਅੰਤਿਮ ਨਤੀਜੇ ਤੱਕ ਨਹੀਂ ਪਹੁੰਚਾ ਸਕੀ ਹੈ। ਇਸ ਤੋਂ ਇਲਾਵਾ, ਏਜੰਸੀ ਭਾਜਪਾ ਸਰਕਾਰ ਦੇ ਦੌਰਾਨ ਆਪਣੇ ਭਰੋਸੇਯੋਗਤਾ ਖੋਹ ਚੁੱਕੀ ਹੈ।

ਵੜਿੰਗ ਨੇ ਕਿਹਾ ਕਿ ਉਹ ਆਪਣੇ ਸੰਸਦੀ ਸਾਥੀਆਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਉਸ ਦਿਨ ਦਿੱਲੀ ਵਿੱਚ ਨਹੀਂ ਸਨ ਅਤੇ ਇਸ ਲਈ ਪੱਤਰ ‘ਤੇ ਦਸਤਖ਼ਤ ਨਹੀਂ ਕਰ ਸਕੇ, ਕਿਉਂਕਿ ਉਹ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ।

ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਹ ਮਾਮਲਾ ਉਨ੍ਹਾਂ ਦੀ ਪਾਰਟੀ ਦੇ ਸਾਥੀ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਚੁੱਕਿਆ ਸੀ ਅਤੇ ਐਨਆਈਏ ਜਾਂਚ ਦੀ ਮੰਗ ਕੀਤੀ ਸੀ, ਕਿਉਂਕਿ ਪਰਿਵਾਰ ਨੇ ਦੱਸਿਆ ਸੀ ਕਿ ਗਗਨਦੀਪ ਨੂੰ ਗੈਂਗਸਟਰਾਂ ਦੇ ਨਾਂਮ ‘ਤੇ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਕਾਂਗਰਸ ਸੰਸਦ ਮੈਂਬਰਾਂ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਸੀ ਅਤੇ ਸੀਬੀਆਈ ਜਾਂਚ ਦੇ ਹੁਕਮ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਹੁਣ ਇੰਨੇ ਦਿਨ ਬੀਤ ਗਏ ਹਨ, ਫਿਰ ਵੀ ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਹੁਕਮ ਕਿਉਂ ਨਹੀਂ ਦਿੱਤੇ ਗਏ?

ਵੜਿੰਗ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਸੀਬੀਆਈ ਜਾਂਚ ਦਾ ਵਿਰੋਧ ਨਹੀਂ ਕੀਤਾ ਹੈ। ਜਦਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਸੀਬੀਆਈ, ਐਨਆਈਏ ਅਤੇ ਈਡੀ ਦੀਆਂ ਟੀਮਾਂ ਭੇਜਣ ਵਿੱਚ ਦੇਰੀ ਨਹੀਂ ਕਰਦੀ, ਤਾਂ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਹੁਕਮ ਦੇਣ ਵਿੱਚ ਕੌਣ ਰੋਕ ਰਿਹਾ ਹੈ? ਉਨ੍ਹਾਂ ਪੁੱਛਿਆ ਕਿ ਕੀ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਂਚ ਦੇ ਹੁਕਮ ਦੇਣ ਲਈ ਕਿਸੇ ਚਿੱਠੀ ਦੀ ਲੋੜ ਹੁੰਦੀ ਹੈ, ਜਦਕਿ ਕਾਂਗਰਸ ਦੇ ਸੰਸਦ ਮੈਂਬਰ ਪਹਿਲਾਂ ਹੀ ਲਿਖਤੀ ਰੂਪ ਵਿੱਚ ਮੰਗ ਕਰ ਚੁੱਕੇ ਹਨ।

ਵੜਿੰਗ ਨੇ ਦੁਹਰਾਇਆ ਕਿ ਕਾਂਗਰਸ ਦਾ ਹਰ ਮੈਂਬਰ ਪੀੜਤ ਪਰਿਵਾਰ ਲਈ ਇਨਸਾਫ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਸਾਥੀਆਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਉਹ ਚਾਹੁੰਦੇ ਹਨ ਕਿ ਇਹ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਦੀ ਸੰਭਾਵਨਾ ਨਾ ਰਹੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਭਾਜਪਾ ਇੱਕ-ਦੂਜੇ ਨਾਲ ਮਿਲੇ ਹੋਏ ਹਨ, ਇਸ ਲਈ ਉਹ ਜਾਂਚ ਉਪਰ ਨਿਆਂਪਾਲਿਕਾ ਦੀ ਨਿਗਰਾਨੀ ਦੀ ਮੰਗ ਕਰ ਰਹੇ ਹਨ। ਉਹਨਾਂ ਨੇ ਸੀਬੀਆਈ ਜਾਂਚ ਦੇ ਆਦੇਸ਼ ਦੇਣ ਵਿਚ ਗ੍ਰਹਿ ਮੰਤਰੀ ਵੱਲੋਂ ਕੀਤੀ ਜਾ ਰਹੀ ਬੇਕਾਰਨ ਦੇਰੀ ਦਾ ਵੀ ਜ਼ਿਕਰ ਕੀਤਾ। 

ਇਸ ਘਟਨਾ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ, ਉਨ੍ਹਾਂ ਨੇ ਭਾਜਪਾ ਆਗੂ ਸੁਨੀਲ ਜਾਖੜ ‘ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਰਾਜਪਾਲ ਨੂੰ ਮੰਗ ਦੇਣਾ ਸਿਰਫ਼ ਇੱਕ ਡਰਾਮਾ ਹੈ, ਕਿਉਂਕਿ ਕਾਂਗਰਸ ਦੇ ਸੰਸਦ ਮੈਂਬਰ ਪਹਿਲਾਂ ਹੀ ਗ੍ਰਹਿ ਮੰਤਰੀ ਨੂੰ ਲਿਖਤੀ ਰੂਪ ਵਿੱਚ ਮੰਗ ਦੇ ਚੁੱਕੇ ਹਨ। ਫਿਰ ਇਹਨਾਂ ਨੂੰ ਸੀਬੀਆਈ ਜਾਂਚ ਦਾ ਹੁਕਮ ਦੇਣ ਤੋਂ ਕੌਣ ਰੋਕ ਰਿਹਾ ਹੈ? 

ਜਦਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਦੋਸ਼ਾਂ ਕਿ ਉਹ ਭਗਵੰਤ ਮਾਨ ਨਾਲ ਮਿਲੇ ਹੋਏ ਹਨ, ਦਾ ਜਵਾਬ ਦਿੰਦੇ ਹੋਏ ਵੜਿੰਗ ਨੇ ਕਿਹਾ ਕਿ ਅਸਲ ਵਿੱਚ ਮਾਮਲਾ ਇਸਦੇ ਉਲਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਦਾਅਵਾ ਕੀਤਾ ਸੀ ਕਿ ਸੁਖਬੀਰ ਦੀ ਮਲਕੀਅਤ ਵਾਲੇ ਪੰਜ-ਤਾਰਾ ਹੋਟਲ ਸੁਖਵਿਲਾਸ ਨੂੰ ਜੰਗਲ ਕੱਟ ਕੇ ਬਣਾਇਆ ਗਿਆ ਹੈ ਅਤੇ ਇਸਨੂੰ ਢਾਹ ਦਿੱਤਾ ਜਾਵੇਗਾ। ਉਨ੍ਹਾਂ ਪੁੱਛਿਆ ਕਿ ਹੋਟਲ ਨੂੰ ਕੁਝ ਹੋਇਆ ਹੈ ਜਾਂ ਫਿਰ ਮਾਨ ਨੇ ਸੁਖਬੀਰ ਦੀ ਕਿਸੇ ਬੱਸ ਨੂੰ ਰੋਕਿਆ? ਜਦਕਿ ਇੱਕ ਪ੍ਰਮੁੱਖ ਅਖ਼ਬਾਰ ਗਰੁੱਪ ਦੇ ਹੋਟਲ ਨੂੰ ਢਾਹੁਣ ਦੀ ਗੱਲ ਆਈ, ਤਾਂ ਸਰਕਾਰ ਨੇ ਤੁਰੰਤ ਕਾਰਵਾਈ ਕਰ ਦਿੱਤੀ।

ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ, ਬਿਕਰਮ ਸਿੰਘ ਮਜੀਠੀਆ ਅਤੇ ਰਵਨੀਤ ਸਿੰਘ ਬਿੱਟੂ ਤੱਕ ਸਭ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਇਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਨ੍ਹਾਂ ਲਈ ਖ਼ਤਰਾ ਬਣ ਰਹੇ ਹਨ।

ਇਸੇ ਤਰ੍ਹਾਂ, ਬਿੱਟੂ ਵੱਲੋਂ ਉਨ੍ਹਾਂ ਨੂੰ ਗੱਦਾਰ ਕਹਿਣ ‘ਤੇ ਟਿੱਪਣੀ ਕਰਦਿਆਂ, ਵੜਿੰਗ ਨੇ ਕਿਹਾ ਕਿ ਇਹ ਚੋਰ ਉਲਟਾ ਕੋਤਵਾਲ ਨੂੰ ਡਾਂਟੇ ਵਾਲੀ ਗੱਲ ਹੈ, ਕਿਉਂਕਿ ਬਿੱਟੂ ਨੇ ਖੁਦ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਨਾਲ ਧੋਖਾ ਕੀਤਾ ਹੈ।

ਮੁੱਖ ਮੰਤਰੀ ਵੱਲੋਂ ਇੱਕ ਪੁਰਾਣੇ ਆਤਮ ਹੱਤਿਆ ਦੇ ਮਾਮਲੇ ਦਾ ਹਵਾਲਾ ਦੇਣ ‘ਤੇ, ਵੜਿੰਗ ਨੇ ਸਪੱਸ਼ਟ ਕੀਤਾ ਕਿ ਉਸ ਮਾਮਲੇ ਵਿੱਚ ਨਾ ਤਾਂ ਪੀੜਤ ਪਰਿਵਾਰ ਨੇ ਉਨ੍ਹਾਂ ਦਾ ਨਾਮ ਲਿਆ ਸੀ ਅਤੇ ਨਾ ਹੀ ਕਿਸੇ ਐਫਆਈਆਰ ਵਿੱਚ ਉਨ੍ਹਾਂ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਉਹਨਾਂ ਲਈ ਆਪਣੇ ਪਰਿਵਾਰ ਵਾਂਗ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.