IMG-LOGO
ਹੋਮ ਪੰਜਾਬ: ਮਾਨਸਾ 'ਚ ਨਸ਼ੇ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ, ਪਿੰਡ...

ਮਾਨਸਾ 'ਚ ਨਸ਼ੇ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ, ਪਿੰਡ ਨੰਗਲ ਕਲਾਂ ਦੇ 30 ਸਾਲਾ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

Admin User - Mar 27, 2026 11:49 AM
IMG

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ 'ਨਸ਼ਾ ਵਿਰੋਧੀ ਮੁਹਿੰਮ' ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਉਰਫ਼ ਗੱਗੀ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਪਤਨੀ ਅਤੇ ਇੱਕ ਮਾਸੂਮ ਬੇਟੀ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।


ਮ੍ਰਿਤਕ ਦੇ ਭਰਾ ਸੇਵਕ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਮੂੰਗੀ ਸਿੰਘ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਿਹਾ ਹੈ। ਪਰਿਵਾਰ ਅਨੁਸਾਰ ਅੰਮ੍ਰਿਤ ਪਾਲ ਪਿਛਲੇ ਕੁੱਝ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਅਤੇ ਗੁਆਂਢ ਵਿੱਚ ਹੀ ਨਸ਼ਾ ਆਸਾਨੀ ਨਾਲ ਉਪਲਬਧ ਹੋਣ ਕਾਰਨ ਅੱਜ ਉਸ ਦੀ ਜਾਨ ਚਲੀ ਗਈ।


ਪਿੰਡ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਮੂੰਗੀ ਸਿੰਘ ਅਤੇ ਉਸ ਦਾ ਪਰਿਵਾਰ ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਵਿੱਚ ਨਸ਼ਾ ਸਪਲਾਈ ਕਰ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਪਹਿਲਾਂ ਵੀ ਇਸੇ ਤਸਕਰ ਦੇ ਘਰ ਵਿੱਚ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ। ਸਰਪੰਚ ਅਨੁਸਾਰ, "ਇਸ ਵਿਅਕਤੀ ਨੇ ਪਿੰਡ ਦੇ ਇਕੱਠ ਵਿੱਚ ਪੰਚਾਇਤ ਤੋਂ ਮੁਆਫ਼ੀ ਵੀ ਮੰਗੀ ਸੀ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਵੇਚੇਗਾ, ਪਰ ਉਸ ਨੇ ਆਪਣਾ ਕੰਮ ਜਾਰੀ ਰੱਖਿਆ।"


ਪੰਚਾਇਤ ਨੇ ਪੰਜਾਬ ਪੁਲਿਸ 'ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਾਰ-ਵਾਰ ਸੂਚਨਾ ਦੇਣ ਦੇ ਬਾਵਜੂਦ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਇੱਕ ਹੋਰ ਮਾਂ ਦਾ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ।


ਪਿੰਡ ਵਾਸੀਆਂ ਨੇ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿੱਥੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ 'ਤੇ 'ਪੀਲਾ ਪੰਜਾ' (ਬੁਲਡੋਜ਼ਰ) ਚਲਾਉਣ ਦੀਆਂ ਗੱਲਾਂ ਕਰ ਰਹੀ ਹੈ, ਉੱਥੇ ਨੰਗਲ ਕਲਾਂ ਦੇ ਇਸ ਨਾਮੀ ਤਸਕਰ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ? ਪੀੜਤ ਪਰਿਵਾਰ ਅਤੇ ਪੰਚਾਇਤ ਨੇ ਮੰਗ ਕੀਤੀ ਹੈ ਕਿ ਦੋਸ਼ੀ ਤਸਕਰ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਨਸ਼ੇ ਦੀ ਕਮਾਈ ਨਾਲ ਬਣਾਈ ਜਾਇਦਾਦ ਜ਼ਬਤ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.