ਤਾਜਾ ਖਬਰਾਂ
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਪੀਲੀਏ ਦੀ ਬਿਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿੰਡ ਵਿੱਚ ਇੱਕ ਤੋਂ ਬਾਅਦ ਇੱਕ ਹੋਈਆਂ ਦੋ ਮੌਤਾਂ ਨੇ ਸਥਾਨਕ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਤ ਇਸ ਕਦਰ ਗੰਭੀਰ ਹਨ ਕਿ ਰੋਜ਼ਾਨਾ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਤਾਜ਼ਾ ਜਾਂਚ ਦੌਰਾਨ ਇੱਕੋ ਦਿਨ ਵਿੱਚ 6 ਤੋਂ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪਹਿਲਾਂ ਹੀ ਪੀਲੀਏ ਅਤੇ ਤੇਜ਼ ਬੁਖਾਰ ਨਾਲ ਪੀੜਤ ਲਗਭਗ 15 ਮਰੀਜ਼ ਜ਼ੇਰੇ-ਇਲਾਜ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਗੰਦੇ ਪਾਣੀ ਦੀ ਸਪਲਾਈ ਕਾਰਨ ਇਹ ਬਿਮਾਰੀ ਮਹਾਂਮਾਰੀ ਵਾਂਗ ਫੈਲ ਰਹੀ ਹੈ। ਲੋਕਾਂ ਅਨੁਸਾਰ, ਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਲੱਭਿਆ ਜਾ ਰਿਹਾ।
ਪਿੰਡ ਦੀ ਕੁੱਲ ਆਬਾਦੀ ਲਗਭਗ 4000 ਦੇ ਕਰੀਬ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਸਿਹਤ ਵਿਭਾਗ ਅਜੇ ਤੱਕ ਸਿਰਫ਼ 2000 ਲੋਕਾਂ ਦੀ ਹੀ ਜਾਂਚ ਕਰ ਸਕਿਆ ਹੈ। ਪਿੰਡ ਵਾਸੀਆਂ ਨੇ ਵਿਭਾਗ 'ਤੇ ਢਿੱਲੀ ਕਾਰਗੁਜ਼ਾਰੀ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਸਾਰੇ ਲੋਕਾਂ ਦੀ ਜਾਂਚ ਅਤੇ ਇਲਾਜ ਸ਼ੁਰੂ ਹੋ ਜਾਂਦਾ, ਤਾਂ ਸ਼ਾਇਦ ਇਹ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਦੂਜੀ ਮੌਤ ਹੋਣ ਤੋਂ ਬਾਅਦ ਹੁਣ ਵਿਭਾਗ ਮੁੜ ਹਰਕਤ ਵਿੱਚ ਆਇਆ ਹੈ ਅਤੇ ਕੈਂਪ ਲਗਾ ਕੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਲੋਕ ਲਗਾਤਾਰ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ। ਬਿਮਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਕਈ ਲੋਕ ਅਜੇ ਵੀ ਆਪਣੇ ਘਰਾਂ ਵਿੱਚ ਬਿਮਾਰ ਪਏ ਹਨ ਜਿਨ੍ਹਾਂ ਤੱਕ ਸਹਾਇਤਾ ਨਹੀਂ ਪਹੁੰਚੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੂਰੇ ਪਿੰਡ ਦੀ ਮੈਡੀਕਲ ਜਾਂਚ ਜੰਗੀ ਪੱਧਰ 'ਤੇ ਕਰਵਾਈ ਜਾਵੇ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
Get all latest content delivered to your email a few times a month.