ਤਾਜਾ ਖਬਰਾਂ
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਕੁਦਰਤ ਦੇ ਬਦਲੇ ਰੰਗਾਂ ਨੇ ਲੋਕਾਂ ਨੂੰ ਚੜ੍ਹਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਬੀਤੀ ਰਾਤ ਹੋਈ ਹਲਕੀ ਬੂੰਦਾਬਾਂਦੀ ਅਤੇ ਗਰਜ ਦੇ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਵੀ ਕਰਵਟ ਲੈ ਸਕਦਾ ਹੈ, ਜਿਸ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਅੱਜ 1 ਅਪ੍ਰੈਲ ਅਤੇ ਭਲਕੇ 2 ਅਪ੍ਰੈਲ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਖ਼ਾਸਕਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੁਹਾਲੀ ਸਮੇਤ 12 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਵੀ ਮੌਸਮ ਸੁਹਾਵਣਾ ਬਣਿਆ ਰਹੇਗਾ।
ਹਾਲਾਂਕਿ ਪੰਜਾਬ ਵਿੱਚ ਔਸਤ ਤਾਪਮਾਨ ਆਮ ਨਾਲੋਂ 2.4 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਵਿੱਚ ਪਟਿਆਲਾ 34.8 ਡਿਗਰੀ ਦੇ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਅੰਕੜਿਆਂ ਮੁਤਾਬਕ ਇਸ ਵਾਰ ਮਾਰਚ ਮਹੀਨੇ ਵਿੱਚ ਆਮ ਨਾਲੋਂ 25 ਫੀਸਦੀ ਘੱਟ ਬਾਰਿਸ਼ ਹੋਈ ਹੈ। ਜਿੱਥੇ ਰੂਪਨਗਰ ਅਤੇ ਪਠਾਨਕੋਟ ਵਿੱਚ ਚੰਗੀ ਬਾਰਿਸ਼ ਦਰਜ ਕੀਤੀ ਗਈ, ਉੱਥੇ ਹੀ ਮੁਕਤਸਰ ਅਤੇ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਵਿੱਚ 80 ਫੀਸਦੀ ਤੋਂ ਵੱਧ ਦੀ ਕਮੀ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਇਸ ਸਮੇਂ ਇੱਕ ਪੱਛਮੀ ਗੜਬੜੀ (Western Disturbance) ਉੱਤਰੀ ਪਾਕਿਸਤਾਨ ਅਤੇ ਜੰਮੂ ਦੇ ਖੇਤਰ ਵਿੱਚ ਸਰਗਰਮ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਉੱਪਰ ਬਣੇ ਘੱਟ ਦਬਾਅ ਵਾਲੇ ਸਿਸਟਮ ਅਤੇ ਤੇਜ਼ 'ਜੈੱਟ ਸਟ੍ਰੀਮ' ਹਵਾਵਾਂ ਕਾਰਨ ਮੌਸਮ ਵਿੱਚ ਇਹ ਤੇਜ਼ੀ ਨਾਲ ਬਦਲਾਅ ਆ ਰਹੇ ਹਨ। 2 ਅਪ੍ਰੈਲ ਨੂੰ ਇੱਕ ਹੋਰ ਨਵੀਂ ਪੱਛਮੀ ਗੜਬੜੀ ਦੇ ਦਸਤਕ ਦੇਣ ਦੀ ਉਮੀਦ ਹੈ।
ਵਿਭਾਗ ਮੁਤਾਬਕ 6 ਅਪ੍ਰੈਲ ਤੱਕ ਮੀਂਹ ਦਾ ਸਿਲਸਿਲਾ ਰੁਕ-ਰੁਕ ਕੇ ਜਾਰੀ ਰਹਿ ਸਕਦਾ ਹੈ। 3 ਅਤੇ 4 ਅਪ੍ਰੈਲ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ ਦੇ ਨਾਲ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ ਵਿਚਕਾਰਲੇ ਦਿਨਾਂ ਵਿੱਚ ਤਾਪਮਾਨ 3 ਤੋਂ 4 ਡਿਗਰੀ ਵਧ ਸਕਦਾ ਹੈ, ਪਰ ਮੀਂਹ ਪੈਣ ਤੋਂ ਬਾਅਦ ਪਾਰਾ ਫਿਰ ਹੇਠਾਂ ਆ ਜਾਵੇਗਾ।
Get all latest content delivered to your email a few times a month.