IMG-LOGO
ਹੋਮ ਰਾਸ਼ਟਰੀ: ਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ...

ਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂ

Admin User - Apr 02, 2026 03:36 PM
IMG

ਨਵੀਂ ਦਿੱਲੀ/ਗੁਜਰਾਤ, 2 ਅਪ੍ਰੈਲ 2026-

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਸੀਐਮ ਭੂਪੇਂਦਰ ਪਟੇਲ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਪੰਚਾਇਤ ਅਤੇ ਨਗਰ ਪਾਲਿਕਾ ਚੋਣਾਂ ਤੋਂ ਪਹਿਲਾਂ ਸਾਡੇ ਵਰਕਰਾਂ ਨੂੰ ਬਹੁਤ ਵੱਡੇ ਪੱਧਰ 'ਤੇ ਨਾਜਾਇਜ਼ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। 160 ਤੋਂ ਵੱਧ ਵਰਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਗੁਜਰਾਤ ਸਰਕਾਰ ਦੀ ਯੋਜਨਾ ਅਜੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ "ਆਪ" ਦੀ ਵਧਦੀ ਲੋਕਪ੍ਰਿਯਤਾ ਕਾਰਨ ਭਾਜਪਾ ਬੁਰੀ ਤਰ੍ਹਾਂ ਬੁਖਲਾ ਗਈ ਹੈ। ਪਰ ਗੁਜਰਾਤ ਦੇ ਲੋਕ ਅਜਿਹੀਆਂ ਗ੍ਰਿਫ਼ਤਾਰੀਆਂ ਅਤੇ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ। ਲੋਕ ਇਸ ਦਾ ਜਵਾਬ ਜ਼ਰੂਰ ਦੇਣਗੇ।


ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਭੂਪੇਂਦਰ ਪਟੇਲ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪਿਛਲੇ 30 ਸਾਲਾਂ ਤੋਂ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ। ਜਨਤਾ ਭਾਜਪਾ ਦੇ ਭ੍ਰਿਸ਼ਟਾਚਾਰ, ਅੱਤਿਆਚਾਰ ਅਤੇ ਦਮਨ ਦੇ ਕੁਸ਼ਾਸਨ ਤੋਂ ਬਹੁਤ ਪ੍ਰੇਸ਼ਾਨ ਹੋ ਚੁੱਕੀ ਸੀ। ਭਾਜਪਾ ਪਿਛਲੇ 30 ਸਾਲਾਂ ਤੋਂ ਗੁਜਰਾਤ ਵਿੱਚ ਕਾਂਗਰਸ ਨਾਲ ਮਿਲੀਭੁਗਤ ਕਰਕੇ ਸਰਕਾਰ ਚਲਾ ਰਹੀ ਹੈ। ਜਿਸ ਕਾਰਨ ਗੁਜਰਾਤ ਵਿੱਚ ਕੋਈ ਬਦਲ ਨਹੀਂ ਸੀ। ਆਮ ਆਦਮੀ ਪਾਰਟੀ ਦੇ ਰੂਪ ਵਿੱਚ ਲੋਕਾਂ ਨੂੰ ਪਹਿਲੀ ਵਾਰ ਇੱਕ ਮਜ਼ਬੂਤ ​​ਬਦਲ ਮਿਲਿਆ ਹੈ। ਲੋਕ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਨਿਡਰ, ਇਮਾਨਦਾਰ, ਦੇਸ਼ ਭਗਤ ਅਤੇ ਪੜ੍ਹੇ-ਲਿਖੇ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗੀ। ਇਸੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪੂਰੇ ਗੁਜਰਾਤ ਵਿੱਚ ਹੁਣ ਇਹ ਆਮ ਚਰਚਾ ਦਾ ਵਿਸ਼ਾ ਹੈ ਕਿ ਭਾਜਪਾ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ।


ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸੇ ਕਾਰਨ ਭਾਜਪਾ ਨੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਸਾਜ਼ਿਸ਼ ਰਚੀ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ, ਤਾਂ ਜੋ ਆਮ ਆਦਮੀ ਪਾਰਟੀ ਬਚੇ ਹੀ ਨਾ। ਇਸੇ ਸਾਜ਼ਿਸ਼ ਤਹਿਤ ਪਿਛਲੇ ਤਿੰਨ ਮਹੀਨਿਆਂ ਵਿੱਚ ਭਾਜਪਾ ਸਰਕਾਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ 160 ਤੋਂ ਵੱਧ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸੇ ਕੜੀ ਤਹਿਤ 1 ਅਪ੍ਰੈਲ ਨੂੰ ਗੁਜਰਾਤ ਪੁਲਿਸ ਨੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਇਸੂਦਾਨ ਗੜ੍ਹਵੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਦੇਰ ਰਾਤ ਰਿਹਾਅ ਕਰ ਦਿੱਤਾ ਸੀ। ਉਹ ਆਪਣੇ ਵਰਕਰਾਂ ਦੀ ਹੋ ਰਹੀ ਨਾਜਾਇਜ਼ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਲੈਣ ਥਾਣੇ ਗਏ ਸਨ। ਗੁਜਰਾਤ ਪੁਲਿਸ ਦੀ ਇਹ ਕਾਰਵਾਈ ਗੁਜਰਾਤ ਵਿੱਚ ਹੋਣ ਵਾਲੀਆਂ ਸਥਾਨਕ ਨਿਗਮ ਚੋਣਾਂ ਤੋਂ ਪਹਿਲਾਂ ਹੋਰ ਤੇਜ਼ ਹੋ ਗਈ ਹੈ। ਇਸ ਨਾਲ ਇਹ ਸੁਨੇਹਾ ਜਾ ਰਿਹਾ ਹੈ ਕਿ ਭਾਜਪਾ ਪੁਲਿਸ ਦੇ ਦਮ 'ਤੇ ਸਥਾਨਕ ਨਿਗਮ ਚੋਣਾਂ ਜਿੱਤਣਾ ਚਾਹੁੰਦੀ ਹੈ।


ਉਨ੍ਹਾਂ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਗੁਜਰਾਤ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਪਿੱਛੇ ਇੱਕ ਖਾਸ ਪੈਟਰਨ ਸਾਫ਼ ਦਿਖਾਈ ਦੇ ਰਿਹਾ ਹੈ। ਜਿਸ ਤਹਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੜਕ 'ਤੇ ਸਕੂਟਰ ਜਾਂ ਮੋਟਰਸਾਈਕਲ 'ਤੇ ਪਿੱਛੇ ਤੋਂ ਆਏ ਕੁਝ ਗੁੰਡੇ ਰੋਕਦੇ ਹਨ, ਉਨ੍ਹਾਂ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕਰਦੇ ਹਨ। ਉਹ ਗੁੰਡੇ ਕ੍ਰਾਈਮ ਬ੍ਰਾਂਚ ਨੂੰ ਫੋਨ ਕਰਦੇ ਹਨ, ਕ੍ਰਾਈਮ ਬ੍ਰਾਂਚ ਵਾਲੇ ਦੋ ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਜਾਂਦੇ ਹਨ ਅਤੇ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲੈਂਦੇ ਹਨ। ਇੰਝ ਲੱਗਦਾ ਹੈ ਜਿਵੇਂ ਕ੍ਰਾਈਮ ਬ੍ਰਾਂਚ ਵਾਲੇ ਆਸ-ਪਾਸ ਉਨ੍ਹਾਂ ਗੁੰਡਿਆਂ ਦੇ ਫੋਨ ਦੀ ਹੀ ਉਡੀਕ ਕਰ ਰਹੇ ਹੋਣ। ਕ੍ਰਾਈਮ ਬ੍ਰਾਂਚ ਵਾਲੇ ਬਿਨਾਂ ਕਿਸੇ ਪੁੱਛਗਿੱਛ ਦੇ, ਇੱਕਤਰਫਾ ਕਾਰਵਾਈ ਕਰਦੇ ਹੋਏ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਛੱਡ ਦਿੰਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ, ਜੋ ਫਿਰ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੰਦੀ ਹੈ। ਪਿਛਲੇ 48 ਘੰਟਿਆਂ ਵਿੱਚ ਵਾਪਰੇ ਅਜਿਹੇ ਤਿੰਨ ਮਾਮਲਿਆਂ ਤੋਂ ਸਾਫ਼ ਜਾਪਦਾ ਹੈ ਕਿ ਇਹ ਸਭ ਕੁਝ ਇੱਕ ਮਿਥੀ ਹੋਈ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।


1. ਖੰਭਾਲੀਆ- 31 ਮਾਰਚ 2026 ਨੂੰ ਦੀਪਕ ਸਿੰਘ ਦੁਪਹਿਰ ਕਰੀਬ 3 ਵਜੇ ਘਰ ਜਾ ਰਹੇ ਸਨ। ਉਦੋਂ ਹੀ 2 ਲੋਕ ਬਾਈਕ 'ਤੇ ਆਏ, ਓਵਰਟੇਕ ਕੀਤਾ ਅਤੇ ਕੁੱਟਮਾਰ ਕੀਤੀ। ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਖੰਭਾਲੀਆ ਪੁਲਿਸ ਸਟੇਸ਼ਨ ਪਹੁੰਚੇ ਤਾਂ ਉਨ੍ਹਾਂ 'ਤੇ ਹੀ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


2. ਪੋਰਬੰਦਰ- 30-31 ਮਾਰਚ 2026 ਨੂੰ ਪਵਨ ਅਤੇ ਜਗਦੀਸ਼ ਆਪਣੇ ਕੰਮ 'ਤੇ ਜਾ ਰਹੇ ਸਨ, ਜਦੋਂ ਇੱਕ ਸਕੂਟੀ ਸਵਾਰ ਨੇ ਜਾਣਬੁੱਝ ਕੇ ਉਨ੍ਹਾਂ ਦੀ ਗੱਡੀ ਦੇ ਅੱਗੇ ਸਕੂਟੀ ਲਗਾ ਕੇ ਕੁੱਟਮਾਰ ਕੀਤੀ। ਪੁਲਿਸ ਨੇ ਬਿਨਾਂ ਜਾਂਚ ਕੀਤੇ ਪਵਨ ਅਤੇ ਜਗਦੀਸ਼ 'ਤੇ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾ ਦਿੱਤੀ। ਦੋਵੇਂ ਗ੍ਰਿਫ਼ਤਾਰ ਹਨ ਅਤੇ ਜੇਲ੍ਹ ਵਿੱਚ ਹਨ।


3. ਜਾਮਨਗਰ- 31 ਮਾਰਚ 2026 ਨੂੰ ਨਵੀਨ ਕਾਕਰਾਨ, ਮੁੰਨਾ ਕੁਮਾਰ, ਆਲੋਕ ਸਿੰਘ, ਪੁਨੀਤਰਾਜ, ਪ੍ਰਿਯਵਰਤ ਦੀ ਗੱਡੀ ਨੂੰ ਇੱਕ ਸਕੂਟੀ ਸਵਾਰ ਨੇ ਟੱਚ ਕੀਤਾ। ਉਸ ਨੇ ਆਲੋਕ ਸਿੰਘ ਨਾਲ ਬਹਿਸ ਕੀਤੀ ਅਤੇ ਧੱਕਾ ਮਾਰਿਆ। ਪੁਲਿਸ ਨੇ ਪੀੜਤਾਂ 'ਤੇ ਹੀ 307 ਦਾ ਕੇਸ ਦਰਜ ਕਰ ਦਿੱਤਾ।


ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਕੂਟਰ ਸਵਾਰ ਅਖੀਰ ਕੌਣ ਹਨ? ਇਨ੍ਹਾਂ ਨੂੰ ਹਰ ਜਗ੍ਹਾ ‘ਆਪ’ ਵਰਕਰਾਂ ਨਾਲ ਟੱਕਰ ਮਾਰਨ ਲਈ ਕੌਣ ਭੇਜ ਰਿਹਾ ਹੈ? ਅਤੇ ਹਰ ਜਗ੍ਹਾ ਅਜਿਹਾ ਲੱਗਦਾ ਹੈ ਕਿ ਪੁਲਿਸ ਉਨ੍ਹਾਂ ਦੀ ਸ਼ਿਕਾਇਤ 'ਤੇ ਇਕੋ ਜਿਹੀ ਐਫਆਈਆਰ ਦਰਜ ਕਰਨ ਲਈ ਤਿਆਰ ਬੈਠੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਸਭ ਕੁਝ ਇੱਕ ਯੋਜਨਾਬੱਧ ਸਾਜ਼ਿਸ਼ ਤਹਿਤ ਹੋ ਰਿਹਾ ਹੈ।

 ਸਿਰਫ਼ ਇਹ ਤਿੰਨ ਮਾਮਲੇ ਹੀ ਨਹੀਂ, ਹੁਣ ਤੱਕ ਸਾਡੇ ਜਿੰਨੇ ਵੀ ਵਰਕਰ ਹੋਰ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਸਾਰਿਆਂ 'ਤੇ ਲਾਏ ਗਏ ਕੇਸ ਪੂਰੀ ਤਰ੍ਹਾਂ ਝੂਠੇ ਅਤੇ ਫਰਜ਼ੀ ਹਨ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਦੇ ਘਰਾਂ 'ਚ ਜਾ ਕੇ ਪੁਲਿਸ ਸ਼ਰੇਆਮ ਧਮਕੀਆਂ ਦੇ ਰਹੀ ਹੈ। ਉਨ੍ਹਾਂ ਨੂੰ ਗੁਜਰਾਤ ਛੱਡਣ ਲਈ ਕਿਹਾ ਜਾ ਰਿਹਾ ਹੈ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੀ ਇਹ ਸਾਜ਼ਿਸ਼ ਉੱਚ ਪੱਧਰ 'ਤੇ ਰਚੀ ਗਈ ਹੈ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਦਸ ਹਜ਼ਾਰ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਹੈ। ਤਾਂ ਜੋ ਆਮ ਆਦਮੀ ਪਾਰਟੀ ਸਥਾਨਕ ਨਿਗਮ ਚੋਣਾਂ ਵਿੱਚ ਉਮੀਦਵਾਰ ਹੀ ਨਾ ਉਤਾਰ ਸਕੇ ਅਤੇ ਭਾਜਪਾ ਇੱਕਤਰਫਾ ਚੋਣਾਂ ਜਿੱਤ ਜਾਵੇ। ਕੀ ਭਾਜਪਾ ਗੁਜਰਾਤ ਵਿੱਚ ਇਸ ਤਰ੍ਹਾਂ ਚੋਣਾਂ ਜਿੱਤਣਾ ਚਾਹੁੰਦੀ ਹੈ? ਇਹ ਲੋਕਤੰਤਰ ਦਾ ਮਜ਼ਾਕ ਹੈ। ਜੇਕਰ ਵਿਰੋਧੀ ਧਿਰ ਦੇ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਹੀ ਚੋਣਾਂ ਜਿੱਤਣੀਆਂ ਹਨ ਤਾਂ ਚੋਣਾਂ ਕਰਵਾਉਣ ਦੀ ਲੋੜ ਹੀ ਕੀ ਹੈ?


ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਅਸੀਂ ਚਾਹੀਏ ਤਾਂ ਅਸੀਂ ਵੀ ਪੰਜਾਬ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਇਸੇ ਤਰ੍ਹਾਂ ਦੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਸਕਦੇ ਹਾਂ। ਪਰ ਅਸੀਂ ਅਜਿਹਾ ਨਹੀਂ ਕਰਾਂਗੇ ਕਿਉਂਕਿ ਅਸੀਂ ਚੰਗੇ ਅਤੇ ਸ਼ਰੀਫ ਲੋਕ ਹਾਂ। ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਗੁੰਡਾਗਰਦੀ ਨਹੀਂ ਕਰਦੇ। ਅਤੇ ਫਿਰ ਸਾਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ ਹੈ, ਕਿਉਂਕਿ ਅਸੀਂ ਪੰਜਾਬ ਵਿੱਚ ਬਹੁਤ ਚੰਗੇ ਕੰਮ ਕੀਤੇ ਹਨ। ਆਪਣੇ ਕੰਮਾਂ ਰਾਹੀਂ ਅਸੀਂ ਲੋਕਾਂ ਦੇ ਦਿਲ ਜਿੱਤੇ ਹਨ। ਅਸੀਂ ਆਪਣੇ ਕੰਮ ਦੇ ਦਮ 'ਤੇ ਚੋਣਾਂ ਲੜਦੇ ਹਾਂ। ਅਸੀਂ ਆਪਣੇ ਚੰਗੇ ਕੰਮਾਂ ਦੇ ਨਾਂ 'ਤੇ ਵੋਟਾਂ ਮੰਗਾਂਗੇ। ਤੁਹਾਨੂੰ ਗੁਜਰਾਤ ਵਿੱਚ ਇਹ ਦਮਨ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਤੁਸੀਂ ਸਾਰੇ ਗਲਤ ਕੰਮ ਕੀਤੇ ਹਨ, ਗੁੰਡਾਗਰਦੀ ਕੀਤੀ ਹੈ, ਚੋਰੀ ਕੀਤੀ ਹੈ, ਅੱਤਿਆਚਾਰ ਅਤੇ ਦਮਨ ਕੀਤਾ ਹੈ। ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ। ਗੁਜਰਾਤ ਦੀ ਜਨਤਾ ਨੂੰ ਦਿਖਾਉਣ ਲਈ ਤੁਹਾਡੇ ਕੋਲ ਕੋਈ ਚੰਗਾ ਕੰਮ ਨਹੀਂ ਹੈ। ਇਸ ਲਈ ਚੋਣਾਂ ਜਿੱਤਣ ਲਈ ਤੁਹਾਨੂੰ ਇਹ ਦਮਨ ਅਤੇ ਅੱਤਿਆਚਾਰ ਕਰਨਾ ਪੈ ਰਿਹਾ ਹੈ।


ਅੰਤ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਸਭ ਕੁਝ ਦੇਖ ਰਹੀ ਹੈ। ਉਹ ਭਾਜਪਾ ਦੀ ਤਾਨਾਸ਼ਾਹੀ ਤੋਂ ਨਾ ਤਾਂ ਡਰੇਗੀ ਅਤੇ ਨਾ ਹੀ ਦਬੇਗੀ। ਤੁਸੀਂ ਕਿੰਨੇ ਲੋਕਾਂ ਨੂੰ ਜੇਲ੍ਹ ਵਿੱਚ ਡਾਲੋਗੇ? ਕੀ ਤੁਸੀਂ ਗੁਜਰਾਤ ਦੀ ਪੂਰੀ 6 ਕਰੋੜ ਜਨਤਾ ਨੂੰ ਜੇਲ੍ਹ ਵਿੱਚ ਪਾ ਸਕਦੇ ਹੋ? ਅੱਜ ਆਮ ਆਦਮੀ ਪਾਰਟੀ ਦੀ ਸੋਚ ਗੁਜਰਾਤ ਦੇ ਹਰ ਘਰ ਤੱਕ ਪਹੁੰਚ ਚੁੱਕੀ ਹੈ। ਭਾਜਪਾ ਇਸ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੇਗੀ, "ਆਪ" ਦੀ ਸੋਚ ਉਨੀ ਹੀ ਫੈਲੇਗੀ। ਮੈਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਗੁਜਰਾਤ ਦੇ ਆਗੂਆਂ ਨਾਲ ਮਿਲ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਮੀਦ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਮਿਲਣ ਦਾ ਸਮਾਂ ਦਿਓਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.