ਤਾਜਾ ਖਬਰਾਂ
ਬਟਾਲਾ ਦੇ ਨਜ਼ਦੀਕੀ ਪਿੰਡ ਮਮਨ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਜਾਨ ਲੈ ਲਈ। ਮ੍ਰਿਤਕ ਕੁਲਦੀਪ, ਜੋ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਘਰ ਆਇਆ ਸੀ, ਉਸਦੀ ਹੱਤਿਆ ਨੂੰ ਪਹਿਲਾਂ ਇੱਕ ਹਾਦਸੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀਆਂ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਟੈਂਕੀ ਵਿੱਚ ਸੁੱਟ ਦਿੱਤਾ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਪਰ ਪੁਲਿਸ ਦੀ ਤਿੱਖੀ ਜਾਂਚ ਅਤੇ ਸੂਝਬੂਝ ਨਾਲ ਇਹ ਸਾਜ਼ਿਸ਼ ਜ਼ਿਆਦਾ ਸਮੇਂ ਤੱਕ ਲੁਕ ਨਹੀਂ ਸਕੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਦੀ ਪਤਨੀ ਦੇ ਆਪਣੇ ਪ੍ਰੇਮੀ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਾਰਨ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਘਿਨੌਣਾ ਕਦਮ ਚੁੱਕਿਆ। ਡੀਐਸਪੀ ਰਾਜੇਸ਼ ਕੱਕੜ ਦੇ ਮੁਤਾਬਕ, ਪੂਰੀ ਯੋਜਨਾ ਤਹਿਤ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ 24 ਘੰਟਿਆਂ ਦੇ ਅੰਦਰ ਹੀ ਮੁੱਖ ਦੋਸ਼ੀ ਮਹਿਲਾ, ਉਸਦੇ ਪ੍ਰੇਮੀ ਅਤੇ ਹੋਰ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਹੋਰ ਤੱਥ ਸਾਹਮਣੇ ਆ ਸਕਣ।
Get all latest content delivered to your email a few times a month.