IMG-LOGO
ਹੋਮ ਰਾਸ਼ਟਰੀ: ਮਣੀਪੁਰ 'ਚ ਮੁੜ ਭੜਕੀ ਹਿੰਸਾ: ਕੁਕੀ ਉਗਰਵਾਦੀਆਂ ਦੇ ਬੰਬ ਹਮਲੇ...

ਮਣੀਪੁਰ 'ਚ ਮੁੜ ਭੜਕੀ ਹਿੰਸਾ: ਕੁਕੀ ਉਗਰਵਾਦੀਆਂ ਦੇ ਬੰਬ ਹਮਲੇ 'ਚ ਦੋ ਬੱਚੇ ਜਿੰਦਾ ਸੜੇ, ਇਲਾਕੇ 'ਚ ਭਾਰੀ ਤਣਾਅ

Admin User - Apr 07, 2026 11:00 AM
IMG

ਮਣੀਪੁਰ ਦੇ ਮੋਇਰਾਂਗ ਖੇਤਰ ਵਿੱਚ ਹਾਲਾਤ ਇੱਕ ਵਾਰ ਫਿਰ ਬੇਹੱਦ ਤਣਾਅਪੂਰਨ ਹੋ ਗਏ ਹਨ। ਬੀਤੀ ਰਾਤ ਕੁਕੀ ਉਗਰਵਾਦੀਆਂ ਵੱਲੋਂ ਇੱਕ ਘਰ 'ਤੇ ਬੰਬ ਸੁੱਟਿਆ ਗਿਆ, ਜਿਸ ਕਾਰਨ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਆਪਣੀ ਮਾਂ ਨਾਲ ਸੌਂ ਰਹੇ ਦੋ ਮਾਸੂਮ ਬੱਚੇ ਜਿੰਦਾ ਸੜ ਗਏ ਅਤੇ ਘਰ ਪੂਰੀ ਤਰ੍ਹਾਂ ਸੁਆਹ ਹੋ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।


ਇਹ ਘਟਨਾ ਦੇਰ ਰਾਤ ਕਰੀਬ ਇੱਕ ਵਜੇ ਵਾਪਰੀ, ਜਦੋਂ ਮੋਇਰਾਂਗ ਟ੍ਰੋਂਗਲਾਓਬੀ ਵਿੱਚ ਸ਼ੱਕੀ ਉਗਰਵਾਦੀਆਂ ਵੱਲੋਂ ਸੁੱਟਿਆ ਗਿਆ ਬੰਬ ਇੱਕ ਘਰ 'ਤੇ ਡਿੱਗਿਆ। ਬੰਬ ਫਟਣ ਕਾਰਨ ਲੱਗੀ ਅੱਗ ਵਿੱਚ ਇੱਕ 5 ਸਾਲਾ ਲੜਕੇ ਅਤੇ 6 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਮਲਾ ਹੋਇਆ, ਬੱਚੇ ਆਪਣੀ ਮਾਂ ਨਾਲ ਸੌਂ ਰਹੇ ਸਨ। ਇਸ ਹਾਦਸੇ ਵਿੱਚ ਬੱਚਿਆਂ ਦੀ ਮਾਂ ਵੀ ਬੁਰੀ ਤਰ੍ਹਾਂ ਝੁਲਸ ਗਈ ਹੈ।


ਦੋ ਬੱਚਿਆਂ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ। ਪ੍ਰਦਰਸ਼ਨਕਾਰੀਆਂ ਨੇ ਹਿੰਸਕ ਰੁਖ਼ ਅਖਤਿਆਰ ਕਰਦਿਆਂ ਤੇਲ ਨਾਲ ਭਰੇ ਤਿੰਨ ਟੈਂਕਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਪੂਰੇ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ। ਜਾਣਕਾਰੀ ਅਨੁਸਾਰ 6 ਅਪ੍ਰੈਲ ਦੀ ਸਵੇਰ ਤੋਂ ਹੀ ਕੁਕੀ ਉਗਰਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਸੀ, ਜੋ ਰਾਤ 10:30 ਵਜੇ ਤੋਂ ਬਾਅਦ ਹੋਰ ਤੇਜ਼ ਹੋ ਗਈ। ਦੇਰ ਰਾਤ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਸਿਨਾਕੈਥੀ ਪਿੰਡ ਵੱਲ 20 ਤੋਂ ਵੱਧ ਬੰਬ ਸੁੱਟੇ ਗਏ।


ਗੁੱਸੇ ਵਿੱਚ ਆਏ ਲੋਕਾਂ ਨੇ ਮੋਇਰਾਂਗ ਥਾਣੇ ਦੇ ਬਾਹਰ ਟਾਇਰ ਸਾੜੇ ਅਤੇ ਇੱਕ ਆਰਜ਼ੀ ਪੁਲਿਸ ਚੌਕੀ ਨੂੰ ਵੀ ਨੁਕਸਾਨ ਪਹੁੰਚਾਇਆ। ਅਧਿਕਾਰੀਆਂ ਅਨੁਸਾਰ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਨਾਗਰਿਕਾਂ ਦੀ ਜਾਨ-ਮਾਲ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ।


ਜ਼ਿਕਰਯੋਗ ਹੈ ਕਿ ਮੋਇਰਾਂਗ ਟ੍ਰੋਂਗਲਾਓਬੀ ਦਾ ਇਲਾਕਾ ਚੂਰਾਚਾਂਦਪੁਰ ਦੀਆਂ ਪਹਾੜੀਆਂ ਦੇ ਨੇੜੇ ਹੋਣ ਕਾਰਨ 2023 ਅਤੇ 2024 ਵਿੱਚ ਵੀ ਜਾਤੀ ਸੰਘਰਸ਼ ਦੌਰਾਨ ਗੋਲੀਬਾਰੀ ਦਾ ਕੇਂਦਰ ਰਿਹਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਇਲਾਕੇ ਵਿੱਚੋਂ ਇੱਕ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੂਰੇ ਖੇਤਰ ਵਿੱਚ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.