ਤਾਜਾ ਖਬਰਾਂ
ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਿਜਲੀ ਦੀ ਬਚਤ ਲਈ ਸਖ਼ਤ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਉੱਚ-ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਸਿੰਧ ਸੂਬੇ ਨੂੰ ਛੱਡ ਕੇ ਦੇਸ਼ ਭਰ ਦੇ ਬਾਜ਼ਾਰ, ਸ਼ਾਪਿੰਗ ਮਾਲ ਅਤੇ ਦੁਕਾਨਾਂ 7 ਅਪ੍ਰੈਲ ਤੋਂ ਰਾਤ 8 ਵਜੇ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ।
ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਸਿਰਫ਼ ਬਾਜ਼ਾਰ ਹੀ ਨਹੀਂ, ਸਗੋਂ ਖਾਣ-ਪੀਣ ਦੇ ਹੋਟਲ, ਰੈਸਟੋਰੈਂਟ ਅਤੇ ਵਿਆਹ ਸਮਾਗਮਾਂ 'ਤੇ ਵੀ ਸ਼ਿਕੰਜਾ ਕੱਸਿਆ ਗਿਆ ਹੈ। ਇਹ ਸਾਰੀਆਂ ਗਤੀਵਿਧੀਆਂ ਰਾਤ 10 ਵਜੇ ਤੱਕ ਬੰਦ ਕਰਨੀਆਂ ਲਾਜ਼ਮੀ ਹੋਣਗੀਆਂ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਸਟੋਰਾਂ ਅਤੇ ਫਾਰਮੇਸੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।
ਇਹ ਫੈਸਲਾ ਪੰਜਾਬ, ਬਲੋਚਿਸਤਾਨ, ਖੈਬਰ ਪਖਤੂਨਖਵਾ, ਇਸਲਾਮਾਬਾਦ, ਗਿਲਗਿਤ-ਬਾਲਟਿਸਤਾਨ ਅਤੇ ਆਜ਼ਾਦ ਜੰਮੂ-ਕਸ਼ਮੀਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।
ਖੈਬਰ ਪਖਤੂਨਖਵਾ: ਇੱਥੋਂ ਦੇ ਡਿਵੀਜ਼ਨਲ ਹੈੱਡਕੁਆਰਟਰਾਂ ਵਿੱਚ ਸਥਿਤ ਬਾਜ਼ਾਰਾਂ ਨੂੰ ਸੂਬਾਈ ਸਰਕਾਰ ਦੀ ਸਲਾਹ 'ਤੇ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਵਿਭਾਗੀ ਸਟੋਰ ਅਤੇ ਮਾਲ: ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੇਚਣ ਵਾਲੇ ਸਟੋਰ ਅਤੇ ਹਰ ਤਰ੍ਹਾਂ ਦੇ ਵੱਡੇ ਮਾਲ ਵੀ ਰਾਤ 8 ਵਜੇ ਤੋਂ ਬਾਅਦ ਸੰਚਾਲਿਤ ਨਹੀਂ ਹੋ ਸਕਣਗੇ।
ਪਾਕਿਸਤਾਨੀ ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਬਿਜਲੀ ਦੀ ਖਪਤ ਵਿੱਚ ਵੱਡੀ ਕਮੀ ਆਵੇਗੀ, ਜਿਸ ਨਾਲ ਦੇਸ਼ ਦੇ ਊਰਜਾ ਭੰਡਾਰਾਂ 'ਤੇ ਪੈ ਰਿਹਾ ਬੋਝ ਘੱਟ ਹੋਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਅਤੇ ਬਿਜਲੀ ਦੀ ਕਿੱਲਤ ਨਾਲ ਜੂਝ ਰਿਹਾ ਹੈ, ਜਿਸ ਕਾਰਨ ਸਰਕਾਰ ਨੂੰ ਅਜਿਹੇ ਸਖ਼ਤ ਫੈਸਲੇ ਲੈਣੇ ਪੈ ਰਹੇ ਹਨ।
Get all latest content delivered to your email a few times a month.