IMG-LOGO
ਹੋਮ ਅੰਤਰਰਾਸ਼ਟਰੀ: ਈਰਾਨ-ਅਮਰੀਕਾ ਜੰਗਬੰਦੀ ਦੇ ਵਿਚਾਲੇ ਭਾਰਤ ਦੀ ਵੱਡੀ ਚੇਤਾਵਨੀ, ਭਾਰਤੀਆਂ ਨੂੰ...

ਈਰਾਨ-ਅਮਰੀਕਾ ਜੰਗਬੰਦੀ ਦੇ ਵਿਚਾਲੇ ਭਾਰਤ ਦੀ ਵੱਡੀ ਚੇਤਾਵਨੀ, ਭਾਰਤੀਆਂ ਨੂੰ ਤੁਰੰਤ ਈਰਾਨ ਛੱਡਣ ਦੇ ਨਿਰਦੇਸ਼

Admin User - Apr 08, 2026 01:38 PM
IMG

ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਸਥਿਤੀ ਗੰਭੀਰ ਬਣੀ ਹੋਈ ਹੈ। ਇਸੇ ਦੌਰਾਨ ਭਾਰਤ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦਿਆਂ ਈਰਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ "ਜਿੰਨੀ ਜਲਦੀ ਹੋ ਸਕੇ" ਈਰਾਨ ਛੱਡ ਦੇਣ। ਇਸ ਹੁਕਮ ਤੋਂ ਬਾਅਦ ਇਹ ਸਵਾਲ ਉੱਠਣ ਲੱਗੇ ਹਨ ਕਿ ਕੀ 14 ਦਿਨਾਂ ਦੀ ਇਸ ਆਰਜ਼ੀ ਸ਼ਾਂਤੀ ਤੋਂ ਬਾਅਦ ਜੰਗ ਦਾ ਖ਼ਤਰਾ ਹੋਰ ਭਿਆਨਕ ਰੂਪ ਲੈ ਸਕਦਾ ਹੈ?


ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ 'X' (ਪਹਿਲਾਂ ਟਵਿੱਟਰ) 'ਤੇ ਪੋਸਟ ਸਾਂਝੀ ਕਰਦਿਆਂ ਭਾਰਤੀਆਂ ਨੂੰ ਸੁਝਾਏ ਗਏ ਸੁਰੱਖਿਅਤ ਰਸਤਿਆਂ ਰਾਹੀਂ ਦੇਸ਼ ਛੱਡਣ ਲਈ ਕਿਹਾ ਹੈ। ਦੂਤਾਵਾਸ ਨੇ ਵਿਸ਼ੇਸ਼ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਨਾਗਰਿਕ ਦੂਤਾਵਾਸ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਅੰਤਰਰਾਸ਼ਟਰੀ ਸਰਹੱਦਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਕਰੇ।


ਭਾਰਤੀਆਂ ਦੀ ਸਹਾਇਤਾ ਲਈ ਦੂਤਾਵਾਸ ਨੇ ਐਮਰਜੈਂਸੀ ਨੰਬਰ ਅਤੇ ਈਮੇਲ ਆਈਡੀ ਵੀ ਜਾਰੀ ਕੀਤੀ ਹੈ:


ਸੰਪਰਕ ਨੰਬਰ: +989128109115; +989128109109; +989128109102; +989932179359


ਈਮੇਲ: [email protected]



ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਦੂਤਾਵਾਸ ਨੇ ਭਾਰਤੀਆਂ ਨੂੰ ਅਗਲੇ 48 ਘੰਟਿਆਂ ਲਈ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਫੌਜੀ ਟਿਕਾਣਿਆਂ, ਬਿਜਲੀ ਘਰਾਂ ਅਤੇ ਉੱਚੀਆਂ ਇਮਾਰਤਾਂ ਦੀਆਂ ਉੱਪਰਲੀਆਂ ਮੰਜ਼ਿਲਾਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਸੀ। ਪਰ ਬੁੱਧਵਾਰ ਨੂੰ ਜਾਰੀ ਹੋਈ ਇਸ ਨਵੀਂ ਸਲਾਹ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਇਹ ਟਰੰਪ ਵੱਲੋਂ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਆਈ ਹੈ।


ਇਹ ਸਾਰਾ ਘਟਨਾਕ੍ਰਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਨਾ ਹਟਾਉਣ 'ਤੇ ਈਰਾਨ ਨੂੰ "ਪੂਰੀ ਸੱਭਿਅਤਾ ਤਬਾਹ" ਕਰਨ ਦੀ ਧਮਕੀ ਦਿੱਤੀ ਸੀ। ਹਾਲਾਂਕਿ ਹੁਣ 14 ਦਿਨਾਂ ਦੀ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ, ਪਰ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਕਹਿਣਾ ਇਹ ਸੰਕੇਤ ਦਿੰਦਾ ਹੈ ਕਿ ਪਰਦੇ ਦੇ ਪਿੱਛੇ ਖ਼ਤਰਾ ਅਜੇ ਟਲਿਆ ਨਹੀਂ ਹੈ।


ਪ੍ਰਸ਼ਾਸਨ ਨੇ ਈਰਾਨ ਵਿੱਚ ਮੌਜੂਦ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਗਾਤਾਰ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.