ਤਾਜਾ ਖਬਰਾਂ
ਹਿੰਦੂ ਧਰਮ ਵਿੱਚ ਚਾਰਧਾਮ ਯਾਤਰਾ ਨੂੰ ਬਹੁਤ ਪਵਿੱਤਰ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਿਸ ਵਿੱਚ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ। ਉੱਤਰਾਖੰਡ ਦੇ ਚਾਰ ਪ੍ਰਮੁੱਖ ਧਾਰਮਿਕ ਸਥਾਨ—ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ—ਇਸ ਯਾਤਰਾ ਦਾ ਹਿੱਸਾ ਹਨ। ਸਾਲ 2026 ਵਿੱਚ ਇਹ ਪਵਿੱਤਰ ਯਾਤਰਾ ਅਕਸ਼ੈ ਤ੍ਰਿਤੀਆ, ਅਰਥਾਤ 19 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜਿਸ ਦਿਨ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਇਸ ਤੋਂ ਬਾਅਦ 22 ਅਪ੍ਰੈਲ ਨੂੰ ਕੇਦਾਰਨਾਥ ਅਤੇ 23 ਅਪ੍ਰੈਲ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਵੀ ਖੁੱਲ੍ਹਣਗੇ।
ਯਾਤਰਾ ਲਈ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੈ, ਜਿਸ ਲਈ ਉੱਤਰਾਖੰਡ ਸਰਕਾਰ ਦੀ ਅਧਿਕਾਰਤ ਵੈੱਬਸਾਈਟ registrationandtouristcare.uk.gov.in ‘ਤੇ ਜਾ ਕੇ ਖਾਤਾ ਬਣਾਉਣਾ ਪਵੇਗਾ। ਮੋਬਾਈਲ ਨੰਬਰ ਰਾਹੀਂ OTP ਵੈਰੀਫਿਕੇਸ਼ਨ ਤੋਂ ਬਾਅਦ ਯਾਤਰੀ ਆਪਣੀਆਂ ਯਾਤਰਾ ਦੀਆਂ ਤਾਰੀਖਾਂ ਅਤੇ ਧਾਮਾਂ ਦੀ ਚੋਣ ਕਰ ਸਕਦੇ ਹਨ। ਸਾਥੀ ਯਾਤਰੀਆਂ ਦੀ ਜਾਣਕਾਰੀ ਜਿਵੇਂ ਨਾਮ, ਉਮਰ, ਆਧਾਰ ਨੰਬਰ ਅਤੇ ਫੋਟੋ ਅਪਲੋਡ ਕਰਨੀ ਲਾਜ਼ਮੀ ਹੈ। ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਇੱਕ ਯੂਨੀਕ QR ਕੋਡ ਵਾਲਾ ਯਾਤਰਾ ਪਾਸ ਜਾਰੀ ਕੀਤਾ ਜਾਂਦਾ ਹੈ, ਜਿਸਨੂੰ ਡਾਊਨਲੋਡ ਕਰਕੇ ਨਾਲ ਰੱਖਣਾ ਜਰੂਰੀ ਹੈ।
ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਪਣੀ ਪਹਿਚਾਣ ਪੱਤਰ ਅਤੇ ਯਾਤਰਾ ਪਾਸ ਨਾਲ ਰੱਖਣਾ ਚਾਹੀਦਾ ਹੈ। ਉੱਚਾਈ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਸਿਹਤ ਜਾਂਚ ਕਰਵਾਉਣਾ ਬਿਹਤਰ ਰਹੇਗਾ। ਇਸ ਤੋਂ ਇਲਾਵਾ, ਪਹਾੜੀ ਮੌਸਮ ਦੇ ਅਚਾਨਕ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਗਰਮ ਕੱਪੜੇ ਅਤੇ ਬਰਸਾਤੀ ਸਾਮਾਨ ਨਾਲ ਲੈ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
Get all latest content delivered to your email a few times a month.