ਤਾਜਾ ਖਬਰਾਂ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪਿਛਲੇ ਕਈ ਘੰਟਿਆਂ ਤੋਂ ਚੱਲ ਰਹੀ ਅਮਰੀਕਾ ਅਤੇ ਈਰਾਨ ਦੀ ਉੱਚ-ਪੱਧਰੀ ਸ਼ਾਂਤੀ ਵਾਰਤਾ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਦੋ ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਦੁਨੀਆ ਨੂੰ ਉਮੀਦ ਸੀ ਕਿ ਕੋਈ ਸਾਰਥਕ ਹੱਲ ਨਿਕਲੇਗਾ, ਪਰ ਈਰਾਨ ਦੇ ਅੜੀਅਲ ਰਵੱਈਏ ਕਾਰਨ ਇਹ ਗੱਲਬਾਤ ਫੇਲ੍ਹ ਹੋ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਅੱਜ ਐਤਵਾਰ (12 ਅਪ੍ਰੈਲ) ਨੂੰ ਸਪੱਸ਼ਟ ਕੀਤਾ ਕਿ ਈਰਾਨ ਨੇ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਡੀ ਵੈਂਸ ਨੇ ਕਿਹਾ ਕਿ ਅਮਰੀਕੀ ਵਫ਼ਦ ਨੇ ਪੂਰੀ ਨੇਕ ਨੀਤੀ ਅਤੇ ਲਚਕਤਾ ਨਾਲ ਸਮਝੌਤੇ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ, "ਅਸੀਂ ਪਿਛਲੇ 21 ਘੰਟਿਆਂ ਤੋਂ ਲਗਾਤਾਰ ਈਰਾਨੀ ਪ੍ਰਤੀਨਿਧੀਆਂ ਨਾਲ ਮਹੱਤਵਪੂਰਨ ਚਰਚਾ ਕੀਤੀ। ਅਸੀਂ ਆਪਣੀ 'ਸਭ ਤੋਂ ਵਧੀਆ ਅਤੇ ਆਖਰੀ' ਪੇਸ਼ਕਸ਼ ਵੀ ਰੱਖੀ, ਪਰ ਈਰਾਨ ਨੇ ਸਾਡੀਆਂ ਸ਼ਰਤਾਂ ਅੱਗੇ ਗੋਡੇ ਟੇਕਣ ਤੋਂ ਨਾਂਹ ਕਰ ਦਿੱਤੀ।" ਵੈਂਸ ਮੁਤਾਬਕ, ਇਹ ਅਸਫਲਤਾ ਅਮਰੀਕਾ ਨਾਲੋਂ ਈਰਾਨ ਲਈ ਵੱਧ ਨੁਕਸਾਨਦੇਹ ਸਾਬਤ ਹੋਵੇਗੀ।
ਇਸ ਗੱਲਬਾਤ ਦੇ ਅਸਫਲ ਹੋਣ ਦਾ ਮੁੱਖ ਕਾਰਨ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਰਿਹਾ। ਅਮਰੀਕਾ ਦੀ ਮੁੱਖ ਮੰਗ ਸੀ ਕਿ ਈਰਾਨ ਲੰਬੇ ਸਮੇਂ ਲਈ ਪ੍ਰਮਾਣੂ ਹਥਿਆਰ ਵਿਕਸਤ ਨਾ ਕਰਨ ਦੀ ਠੋਸ ਵਚਨਬੱਧਤਾ ਦੇਵੇ।
ਵੈਂਸ ਨੇ ਕਿਹਾ ਕਿ ਰਾਸ਼ਟਰਪਤੀ ਦਾ ਮੁੱਖ ਉਦੇਸ਼ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਹੈ। ਸਾਨੂੰ ਅਜਿਹੀ ਗਾਰੰਟੀ ਚਾਹੀਦੀ ਹੈ ਜੋ ਸਿਰਫ਼ ਦੋ ਸਾਲਾਂ ਲਈ ਨਹੀਂ, ਸਗੋਂ ਹਮੇਸ਼ਾ ਲਈ ਹੋਵੇ।
ਈਰਾਨ ਆਪਣੇ ਮੌਜੂਦਾ ਸੰਸ਼ੋਧਨ ਪ੍ਰੋਗਰਾਮ ਅਤੇ ਪ੍ਰਮਾਣੂ ਸਹੂਲਤਾਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਤਿਆਰ ਨਹੀਂ ਦਿਖਿਆ।
ਭਾਵੇਂ ਗੱਲਬਾਤ ਨਾਕਾਮ ਰਹੀ, ਪਰ ਅਮਰੀਕੀ ਉਪ-ਰਾਸ਼ਟਰਪਤੀ ਨੇ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਗੱਲਬਾਤ ਵਿੱਚ ਰਹਿ ਗਈਆਂ ਕਮੀਆਂ ਲਈ ਪਾਕਿਸਤਾਨ ਜ਼ਿੰਮੇਵਾਰ ਨਹੀਂ ਹੈ। ਪਾਕਿਸਤਾਨੀ ਪ੍ਰਸ਼ਾਸਨ ਨੇ ਦੋਵਾਂ ਮੁਲਕਾਂ ਦੇ ਮਤਭੇਦ ਸੁਲਝਾਉਣ ਲਈ "ਸ਼ਾਨਦਾਰ ਕੰਮ" ਕੀਤਾ ਅਤੇ ਸਹਿਯੋਗ ਦਿੱਤਾ।
ਅਮਰੀਕੀ ਵਫ਼ਦ ਹੁਣ ਇਸਲਾਮਾਬਾਦ ਤੋਂ ਵਾਸ਼ਿੰਗਟਨ ਵਾਪਸ ਪਰਤ ਰਿਹਾ ਹੈ। ਜੇਡੀ ਵੈਂਸ ਨੇ ਜਾਂਦੇ-ਜਾਂਦੇ ਈਰਾਨ ਨੂੰ ਇੱਕ ਸਧਾਰਨ ਪ੍ਰਸਤਾਵ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ ਗੇਂਦ ਈਰਾਨ ਦੇ ਪਾਲੇ ਵਿੱਚ ਹੈ। ਜੇਕਰ ਈਰਾਨ ਇਸ ਆਖਰੀ ਪੇਸ਼ਕਸ਼ ਨੂੰ ਸਵੀਕਾਰ ਕਰਦਾ ਹੈ ਤਾਂ ਹੀ ਅੱਗੇ ਦੀ ਰਾਹ ਖੁੱਲ੍ਹੇਗੀ, ਨਹੀਂ ਤਾਂ ਖਿੱਤੇ ਵਿੱਚ ਤਣਾਅ ਮੁੜ ਵਧਣ ਦੇ ਆਸਾਰ ਹਨ।
Get all latest content delivered to your email a few times a month.