ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦੀ ਅਗਵਾ ਹੋਣ ਦੀ ਕਹਾਣੀ ਪੂਰੀ ਤਰ੍ਹਾਂ ਝੂਠੀ ਨਿਕਲੀ। ਪਿੰਡ ਖਿਆਲਾ ਕਲਾਂ ਦੇ ਰਾਜ ਸਿੰਘ ਵੱਲੋਂ 112 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਉਸਦਾ ਪੁੱਤਰ ਸੰਦੀਪ ਸਿੰਘ, ਜੋ ਬੈਂਕ ਤੋਂ ਪੈਸੇ ਕਢਵਾਉਣ ਗਿਆ ਸੀ, ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੈ। ਇਸ ਸੂਚਨਾ ਤੋਂ ਬਾਅਦ ਮਾਨਸਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਐਸਐਸਪੀ ਭਗੀਰਥ ਮੀਨਾ ਦੀ ਅਗਵਾਈ ਹੇਠ ਖਾਸ ਟੀਮਾਂ ਬਣਾਈਆਂ ਗਈਆਂ। ਕੁਝ ਹੀ ਘੰਟਿਆਂ ਦੀ ਤਫਤੀਸ਼ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦਾ ਭੇਦ ਖੋਲ੍ਹ ਦਿੱਤਾ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਸਿੰਘ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਅਗਵਾ ਦੀ ਝੂਠੀ ਕਹਾਣੀ ਬਣਾਈ ਸੀ। ਦਰਅਸਲ, ਉਸਦੀ ਕੈਨੇਡਾ ਵਸਦੀ ਭੈਣ ਵੱਲੋਂ ਉਸਦੇ ਖਾਤੇ ਵਿੱਚ 5 ਲੱਖ ਰੁਪਏ ਭੇਜੇ ਗਏ ਸਨ, ਜਿਨ੍ਹਾਂ ਨੂੰ ਹੜੱਪਣ ਲਈ ਉਸਨੇ ਇਹ ਸਾਜ਼ਿਸ਼ ਰਚੀ। ਸੰਦੀਪ ਅਤੇ ਉਸਦਾ ਸਾਥੀ ਕੇਸਰ ਸਿੰਘ ਪੈਸੇ ਬੈਂਕ ਤੋਂ ਕਢ ਕੇ ਇੱਕ ਅਜਿਹੇ ਵਿਅਕਤੀ ਦੇ ਝਾਂਸੇ ਵਿੱਚ ਆ ਗਏ, ਜਿਸਨੇ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ। ਇਸ ਦੌਰਾਨ ਕੁਝ ਰਕਮ ਨਗਦ ਲੈ ਲਈ ਗਈ ਅਤੇ ਬਾਕੀ ਪੈਸਿਆਂ ਨੂੰ ਅੱਗ ਨਾਲ ਸਾੜ ਦੇਣ ਦੀ ਝੂਠੀ ਕਹਾਣੀ ਤਿਆਰ ਕੀਤੀ ਗਈ।
ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਕੋਲੋਂ 2 ਲੱਖ 30 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਈ ਹੈ, ਜਦਕਿ ਕੁਝ ਰਕਮ ਖਰਚ ਕੀਤੀ ਜਾਣ ਦੀ ਗੱਲ ਵੀ ਮੁਲਜ਼ਮਾਂ ਨੇ ਕਬੂਲ ਕੀਤੀ ਹੈ। ਇਸ ਮਾਮਲੇ ਵਿੱਚ ਸੰਦੀਪ ਸਿੰਘ, ਕੇਸਰ ਸਿੰਘ ਅਤੇ ਸੁਖਚੈਨ ਸਿੰਘ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.