IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਜਰਮਨੀ ਦੇ ਗੁਰਦੁਆਰੇ 'ਚ ਦੋ ਗੁੱਟਾਂ ਵਿਚਾਲੇ ਖ਼ੂਨੀ ਝੜਪ, ਕਿਰਪਾਨਾਂ...

ਜਰਮਨੀ ਦੇ ਗੁਰਦੁਆਰੇ 'ਚ ਦੋ ਗੁੱਟਾਂ ਵਿਚਾਲੇ ਖ਼ੂਨੀ ਝੜਪ, ਕਿਰਪਾਨਾਂ ਤੇ ਪੇਪਰ ਸਪਰੇਅ ਚੱਲੇ, 11 ਜ਼ਖ਼ਮੀ

Admin User - Apr 21, 2026 03:00 PM
IMG

ਜਰਮਨੀ ਦੇ ਮੋਅਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ (ਡੁਇਸਬਰਗ) ਵਿਖੇ ਐਤਵਾਰ ਨੂੰ ਉਸ ਵੇਲੇ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ, ਜਦੋਂ ਗੁਰਦੁਆਰਾ ਪ੍ਰਬੰਧਨ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਹਿੰਸਕ ਝੜਪ ਵਿੱਚ ਘੱਟੋ-ਘੱਟ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਝੜਪ ਇੰਨੀ ਭਿਆਨਕ ਸੀ ਕਿ ਇਸ ਦੌਰਾਨ ਕਈ ਸਿੱਖਾਂ ਦੀਆਂ ਪੱਗਾਂ ਵੀ ਲੱਥ ਗਈਆਂ।


ਜਾਣਕਾਰੀ ਅਨੁਸਾਰ, ਗੁਰਦੁਆਰੇ ਦੇ ਅੰਦਰ ਚੱਲ ਰਹੀ ਬਹਿਸ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ, ਜਿਸ ਵਿੱਚ 40 ਤੋਂ ਵੱਧ ਵਿਅਕਤੀ ਸ਼ਾਮਲ ਸਨ। ਇਲਜ਼ਾਮ ਹਨ ਕਿ ਝੜਪ ਦੌਰਾਨ ਤੇਜ਼ਧਾਰ ਹਥਿਆਰਾਂ, ਕਿਰਪਾਨਾਂ ਅਤੇ ਪੇਪਰ ਸਪਰੇਅ ਦੀ ਰੱਜ ਕੇ ਵਰਤੋਂ ਕੀਤੀ ਗਈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਗੋਲੀਬਾਰੀ ਹੋਣ ਦਾ ਵੀ ਦਾਅਵਾ ਕੀਤਾ ਹੈ, ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ 'ਤੇ ਗੋਲੀਬਾਰੀ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਕੀਤੀ।


ਜਰਮਨ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਇਹ ਹਿੰਸਾ ਗੁਰਦੁਆਰੇ ਦੇ ਵਿੱਤੀ ਨਿਯੰਤਰਣ ਅਤੇ ਪ੍ਰਬੰਧਕੀ ਕਮੇਟੀ 'ਤੇ ਕਬਜ਼ੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਨਤੀਜਾ ਹੈ। ਇੱਕ ਗੁੱਟ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਹਮਲੇ ਦੀ ਵਿਉਂਤਬੰਦੀ ਕੀਤੀ ਹੋਈ ਸੀ ਅਤੇ ਕੁਝ ਲੋਕ ਕਥਿਤ ਤੌਰ 'ਤੇ ਪਿਸਤੌਲ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ।


ਘਟਨਾ ਦੀ ਸੂਚਨਾ ਮਿਲਦੇ ਹੀ ਜਰਮਨ ਪੁਲਿਸ ਦੀਆਂ ਵਿਸ਼ੇਸ਼ ਟੀਮਾਂ (Special Forces) ਨੇ ਮੋਰਚਾ ਸੰਭਾਲ ਲਿਆ। ਗੋਲੀਬਾਰੀ ਦੀਆਂ ਅਫਵਾਹਾਂ ਕਾਰਨ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਸ਼ਾਂਤੀ ਬਹਾਲੀ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।


ਵਿਦੇਸ਼ਾਂ ਵਿੱਚ ਧਾਰਮਿਕ ਅਸਥਾਨਾਂ 'ਤੇ ਅਜਿਹੀਆਂ ਹਿੰਸਕ ਘਟਨਾਵਾਂ ਨੇ ਸਿੱਖ ਭਾਈਚਾਰੇ ਦੇ ਅਕਸ ਨੂੰ ਗਹਿਰੀ ਸੱਟ ਮਾਰੀ ਹੈ। ਜਰਮਨ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਹਿੰਸਾ ਭੜਕਾਉਣ ਵਾਲੇ ਅਸਲ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.