IMG-LOGO
ਹੋਮ ਪੰਜਾਬ: ‘ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ 'ਚ ਗੈਂਗਸਟਰਾਂ...

‘ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ 'ਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

Admin User - Apr 21, 2026 07:03 PM
IMG

ਚੰਡੀਗੜ੍ਹ, 21 ਅਪ੍ਰੈਲ: 

ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ‘ਗੈਂਗਸਟਰਾਂ ਤੇ ਵਾਰ’ ਦੀ ਸਫ਼ਲਤਾ ਸਿਰਫ਼ ਅਪਰਾਧੀਆਂ ਦੀ ਗ੍ਰਿਫ਼ਤਾਰੀ ਅਤੇ ਨਸ਼ਿਆਂ ਦੀ ਬਰਾਮਦਗੀ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਮੁਹਿੰਮ ਨੇ ਗੈਂਗਸਟਰ ਨੈੱਟਵਰਕ ਦੀਆਂ ਜੜ੍ਹਾਂ ’ਤੇ ਵਾਰ ਕੀਤਾ ਹੈ, ਜਿਸ ਨਾਲ ਪੂਰੇ ਸੂਬੇ ਵਿੱਚ ਅਪਰਾਧ ਦਰ ਵਿੱਚ ਮਹੱਤਵਪੂਰਨ ਕਟੌਤੀ ਆਈ ਹੈ।


ਪੰਜਾਬ ਪੁਲਿਸ ਦੇ ਨਿਰੰਤਰ ਯਤਨਾਂ ਸਦਕਾ ‘ਗੈਂਗਸਟਰਾਂ ’ਤੇ ਵਾਰ’ ਦੇ ਸ਼ੁਰੂ ਹੋਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਹੀ ਸੰਗਠਿਤ ਅਪਰਾਧ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਸੂਬੇ ਵਿੱਚ ਗੈਂਗਸਟਰਾਂ ਨਾਲ ਸਬੰਧਤ ਹੱਤਿਆ ਦੇ ਮਾਮਲਿਆਂ ਵਿੱਚ 100 ਫੀਸਦੀ ਕਮੀ ਆਈ ਹੈ। ਜਿੱਥੇ, ਜਨਵਰੀ ਮਹੀਨੇ ਵਿੱਚ ਅਜਿਹੇ ਚਾਰ ਮਾਮਲੇ ਦਰਜ ਹੋਏ ਸਨ, ਉੱਥੇ ਮਾਰਚ ਵਿੱਚ ਇਹ ਗਿਣਤੀ ਸਿਫ਼ਰ ਹੋ ਗਈ ਹੈ।


ਸਿਰਫ਼ ਹੱਤਿਆਵਾਂ ਹੀ ਨਹੀਂ, ਸਗੋਂ ਗੈਂਗਸਟਰਾਂ ਨਾਲ ਜੁੜੀਆਂ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਵੀ 69 ਫੀਸਦੀ ਦੀ ਭਾਰੀ ਕਮੀ ਵੇਖੀ ਗਈ ਹੈ। ਸਾਲ ਦੇ ਪਹਿਲੇ ਮਹੀਨੇ ਵਿੱਚ ਫਾਇਰਿੰਗ ਦੀਆਂ 29 ਘਟਨਾਵਾਂ ਦੇ ਮੁਕਾਬਲੇ 20 ਅਪ੍ਰੈਲ ਤੱਕ ਇਹ ਗਿਣਤੀ ਘਟ ਕੇ ਸਿਰਫ਼ 9 ਰਹਿ ਗਈ।


ਇਸੇ ਤਰ੍ਹਾਂ ਜ਼ਬਰਨ ਵਸੂਲੀ ਦੇ ਮਾਮਲਿਆਂ ਵਿੱਚ ਵੀ 10.9 ਫੀਸਦੀ  ਕਮੀ ਆਈ ਹੈ। ਜਨਵਰੀ ਵਿੱਚ 110 ਮਾਮਲਿਆਂ ਦੇ ਮੁਕਾਬਲੇ ਮਾਰਚ ਵਿੱਚ ਇਹ ਗਿਣਤੀ ਘਟ ਕੇ 98 ਰਹਿ ਗਈ ਹੈ।


ਟੋਲ-ਫਰੀ ਐਂਟੀ-ਗੈਂਗਸਟਰ ਹੈਲਪਲਾਈਨ(93946-93946) ਦੀ ਸਥਾਪਨਾ ਤੋਂ ਬਾਅਦ, ਜ਼ਬਰਨ ਵਸੂਲੀ ਨਾਲ ਸਬੰਧਤ ਕਾਲਾਂ ਦੀ ਸ਼ਿਕਾਇਤ ਕਰਨ ਲਈ ਜ਼ਿਆਦਾ ਨਾਗਰਿਕ ਅੱਗੇ ਆ ਰਹੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਨੇ ਨਾ ਸਿਰਫ਼ ਸੂਬੇ ਵਿੱਚ ਅਪਰਾਧ ਦਰ ਨੂੰ ਕੰਟਰੋਲ ਕੀਤਾ ਹੈ, ਸਗੋਂ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਰਾਹੀਂ ਲੋਕਾਂ ਦਾ ਭਰੋਸਾ ਵੀ ਜਿੱਤਿਆ ਹੈ। ਰਿਕਾਰਡ ਤੋਂ ਪਤਾ ਲਗਦਾ ਹੈ ਕਿ ਅਪਰਾਧੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਕਿੰਨੀ ਸੁਹਿਰਦਤਾ ਨਾਲ ਕੰਮ ਕੀਤਾ ਗਿਆ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ ਕਿਉਂਕਿ ਪੰਜਾਬ ਪੁਲਿਸ ਗੈਂਗਸਟਰ ਕਲਚਰ ਦੇ ਮੁਕੰਮਲ ਖ਼ਾਤਮੇ ਲਈ ਨਿਰੰਤਰ ਕਾਰਵਾਈ ਕਰ ਰਹੀ ਹੈ।’’


ਵਿਸ਼ਲੇਸ਼ਣ ਅਨੁਸਾਰ, ਇਸ ਮਿਆਦ ਦੌਰਾਨ ਜ਼ਬਰਨ ਵਸੂਲੀ ਦੇ ਕੁੱਲ ਮਾਮਲਿਆਂ ਵਿੱਚ ਵੀ ਲਗਭਗ 11 ਫੀਸਦੀ ਦੀ ਕਮੀ ਆਈ ਹੈ। ਇਸ ਮੁਹਿੰਮ ਦਾ ਪ੍ਰਭਾਵ ਹਿੰਸਕ ਅਪਰਾਧਕ ਗਤੀਵਿਧੀਆਂ ’ਤੇ ਵੀ ਸਪੱਸ਼ਟ ਰੂਪ ਵਿੱਚ ਦਿਖ ਰਿਹਾ ਹੈ। ਇਸ ਦੀ ਕਾਮਯਾਬੀ ਸਿਰਫ਼ ਸ਼ਹਿਰਾਂ ਅਤੇ ਜ਼ਿਲਿ੍ਹਆਂ ਤੱਕ ਹੀ ਸੀਮਤ ਨਹੀਂ ਸਗੋਂ ਸਰਹੱਦੀ ਇਲਾਕਿਆਂ ਵਿੱਚ ਵੀ ਵੇਖੀ ਜਾ ਰਹੀ ਹੈ।



ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਸੰਗਠਿਤ ਅਪਰਾਧ ਵਿੱਚ ਮਹੱਤਵਪੂਰਨ ਕਟੌਤੀ ਆਈ ਹੈ, ਜੋ ਪਹਿਲਾਂ ਗੈਂਗਸਟਰ ਕਲਚਰ ਦੇ ਵਾਧੇ ਦਾ ਵੱਡਾ ਸਾਧਨ ਬਣ ਰਿਹਾ ਸੀ।


ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਹ ਆਪਰੇਸ਼ਨ ਸਿਰਫ਼ ਵੱਡੇ ਗੈਂਗਸਟਰਾਂ ’ਤੇ ਨਕੇਲ ਕੱਸਣ ਤੱਕ ਸੀਮਿਤ ਨਹੀਂ ਸਗੋਂ ਪੰਜਾਬ ਵਿੱਚ ਉਨ੍ਹਾਂ ਦੇ ਪੂਰੇ ਨੈੱਟਵਰਕ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਛੋਟੇ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਗੈਂਗ ਵਿੱਚ ਭਰਤੀ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਜਿਹੇ ਤੱਤਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਕੇ ਅਸੀਂ ਉਨ੍ਹਾਂ ਦੇ ਨੈੱਟਵਰਕ ਨੂੰ ਬੇਅਸਰ ਕੀਤਾ ਹੈ ਅਤੇ ਸੂਬੇ ਵਿੱਚ ਅਪਰਾਧ ਪ੍ਰਤੀ ‘ਜ਼ੀਰੋ ਟੋਲਰੈਂਸ’ ਨੀਤੀ ਨੂੰ ਮਜ਼ਬੂਤ ਕੀਤਾ ਹੈ।”

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.